ਨੰਗਲਸ਼ਾਮਾ ’ਚ 17 ਮਰਲੇ ਪਲਾਟ ਦੀ ਫਰਜ਼ੀ ਰਜਿਸਟਰੀ ਮਾਮਲੇ ’ਚ ਹੁਣ ਤਕ ਨਹੀਂ ਹੋਇਆ ਪਰਚਾ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 08 Feb 2026 09:55 PM (IST)
Updated Date: Sun, 08 Feb 2026 09:59 PM (IST)

ਜਾਗਰਣ ਸੰਵਾਦਦਾਤਾ, ਜਲੰਧਰ : ਰਾਮਾਮੰਡੀ ਨੇੜੇ ਨੰਗਲਸ਼ਾਮਾ ਸਥਿਤ ਇੱਕ ਕਾਲੋਨੀ ’ਚ 17 ਮਰਲੇ ਪਲਾਟ ਦੀ ਫਰਜ਼ੀ ਰਜਿਸਟਰੀ ਮਾਮਲੇ ਵਿਚ ਹੁਣ ਤਕ ਪੁਲਿਸ ਦੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਜਿਸਟਰੀ ਵਿਚ ਫਰਜ਼ੀਵਾਡੇ ਸਬੰਧੀ ਲਗਪਗ ਇੱਕ ਮਹੀਨਾ ਪਹਿਲਾਂ ਭੇਜੀ ਗਈ ਰਿਪੋਰਟ ’ਤੇ ਹੁਣ ਤਕ ਕੋਈ ਪਰਚਾ ਦਰਜ ਨਹੀਂ ਹੋ ਸਕਿਆ। ਪੁਲਿਸ ਦੀ ਜਾਂਚ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤਹਿਸੀਲ-1 ’ਚ ਫਰਜ਼ੀਵਾੜਾ ਕਰਨ ਵਾਲੇ ਰੈਕੇਟ ’ਚ ਕੌਣ-ਕੌਣ ਸ਼ਾਮਲ ਹੈ। ਉਹ ਲੋਕ ਜਿਨ੍ਹਾਂ ਨੇ ਧੋਖੇ ਨਾਲ ਮਰੇ ਹੋਏ ਵਿਅਕਤੀ ਦੇ ਨਾਂ ’ਤੇ ਰਜਿਸਟਰੀ ਕਰਵਾ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਫਰਜ਼ੀਵਾੜੇ ਵਿਚ ਮ੍ਰਿਤਕ ਵਿਅਕਤੀ ਦੇ ਨਾਂ ’ਤੇ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਦਾ ਵੀ ਇਸਤੇਮਾਲ ਕੀਤਾ ਗਿਆ, ਜਿਸ ਨੂੰ ਰਜਿਸਟਰੀ ਦੌਰਾਨ ਜਿੰਦਾ ਦਿਖਾਇਆ ਗਿਆ ਸੀ। ਇਸ ਪੂਰੇ ਮਾਮਲੇ ਵਿਚ ਰਾਮਾਮੰਡੀ ਇਲਾਕੇ ਦੇ ਇੱਕ ਸਾਬਕਾ ਕੌਂਸਲਰ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਨੇ ਜ਼ਮੀਨ ਦੀ ਖ਼ਰੀਦ ਕੀਤੀ ਹੈ। ਫਰਜ਼ੀਵਾੜੇ ਦਾ ਖੁਲਾਸਾ ਹੋਣ ਤੋਂ ਬਾਅਦ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਹੁਕਮ ’ਤੇ ਜ਼ਿਲ੍ਹਾ ਰੈਵੀਨਿਊ ਅਫਸਰ ਨਵਦੀਪ ਸਿੰਘ ਭੋਗਲ ਨੇ ਸੀਪੀ ਧਨਪ੍ਰੀਤ ਕੌਰ ਨੂੰ ਰਿਪੋਰਟ ਭੇਜ ਕੇ ਪਰਚਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਰਜਿਸਟਰੀ ਦੀ ਤਸਦੀਕ ਕਰਨ ਵਾਲੇ ਨੰਬਰਦਾਰ ਨੂੰ ਵੀ ਸਸਪੈਂਡ ਕਰ ਕੇ ਉਸ ਨੂੰ ਬਰਖਾਸਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਨਾਲ ਉਮੀਦ ਕੀਤੀ ਜਾ ਰਹੀ ਸੀ ਕਿ ਪਰਚਾ ਦਰਜ ਹੋਣ ਤੋਂ ਬਾਅਦ ਜਾਂਚ ਵਿਚ ਖੁਲਾਸਾ ਹੋਵੇਗਾ ਕਿ ਤਹਿਸੀਲ-1 ਦਾ ਕੌਣ-ਕੌਣ ਮੁਲਾਜ਼ਮ ਇਸ ਫਰਜ਼ੀਵਾੜੇ ਵਿਚ ਸ਼ਾਮਲ ਸੀ।
ਜਦੋਂਕਿ ਪੂਰੇ ਮਾਮਲੇ ਵਿਚ ਜਾਅਲੀ ਆਧਾਰ ਕਾਰਡ ਅਤੇ ਪੈਨ ਕਾਰਡ ਕਿਸ ਨੇ ਅਤੇ ਕਿੱਥੇ ਬਣਵਾਏ ਸਨ, ਇਸ ਬਾਰੇ ਖੁਲਾਸਾ ਹੋਣ ’ਤੇ ਹੋ ਸਕਦਾ ਹੈ ਕਿ ਤਹਿਸੀਲ ਨਾਲ ਜੁੜੇ ਹੋਰ ਫਰਜ਼ੀਵਾੜੇ ਦੇ ਕੇਸਾਂ ਦਾ ਵੀ ਪਤਾ ਲੱਗ ਸਕੇ। ਪਰ ਹੁਣ ਤਕ ਪਰਚਾ ਦਰਜ ਨਾ ਹੋਣ ਕਾਰਨ ਸਾਹਮਣੇ ਆਏ ਗੁਨਾਹਗਾਰਾਂ ਦੇ ਨਾਲ-ਨਾਲ ਪਿੱਛੇ ਤੋਂ ਸਾਜ਼ਿਸ਼ ਰਚਣ ਵਾਲੇ ਲੋਕਾਂ ਦੇ ਚਿਹਰੇ ਵੀ ਹਾਲੇ ਤਕ ਬੇਨਕਾਬ ਨਹੀਂ ਹੋ ਸਕੇ। ਇਸ ਬਾਰੇ ਜ਼ਿਲ੍ਹਾ ਰੈਵੀਨਿਊ ਅਫਸਰ ਨਵਦੀਪ ਸਿੰਘ ਭੋਗਲ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਰਿਪੋਰਟ ਭੇਜੀ ਜਾ ਚੁੱਕੀ ਹੈ, ਹੁਣ ਅਗਲੀ ਕਾਰਵਾਈ ਸੀਪੀ ਦਫ਼ਤਰ ਨੇ ਕਰਨੀ ਹੈ।