ਇੰਪਰੂਵਮੈਂਟ ਟਰੱਸਟ ਦੀ ਮੀਟਿੰਗ ’ਚ 16 ਤਜਵੀਜ਼ਾਂ ਨੂੰ ਹਰੀ ਝੰਡੀ
ਇੰਪਰੂਵਮੈਂਟ ਟਰੱਸਟ ਦੀ ਮੀਟਿੰਗ ’ਚ ਪ੍ਰਾਪਰਟੀ ਵਿਕਰੀ ਤੇ ਵਿਕਾਸ ਨਾਲ ਸਬੰਧਤ 16 ਪ੍ਰਸਤਾਵ ਮਨਜ਼ੂਰ
Publish Date: Wed, 18 Feb 2026 10:19 PM (IST)
Updated Date: Wed, 18 Feb 2026 10:21 PM (IST)

-ਇੰਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਲਈ ਹੋਈ ਮੀਟਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨੀਕ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਟਰੱਸਟ ਦੀਆਂ ਸਕੀਮਾਂ ਤੇ ਵਿਕਾਸ ਕਾਰਜਾਂ ਸਬੰਧੀ ਟਰੱਸਟੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ। ਲਤੀਫਪੁਰਾ ਰੋਡ ’ਤੇ ਲੰਬੇ ਸਮੇਂ ਤੋਂ ਹੋਏ ਕਬਜ਼ੇ ਹਟਾਉਣ ’ਚ ਟਰੱਸਟ ਦੀ ਭੂਮਿਕਾ ਲਈ ਚੇਅਰਮੈਨ ਨੂੰ ਵਧਾਈ ਵੀ ਦਿੱਤੀ ਗਈ। ਮੀਟਿੰਗ ’ਚ ਚੇਅਰਮੈਨ ਨੇ ਟਰੱਸਟ ਦੇ ਵੱਖ-ਵੱਖ ਮੁੱਦਿਆਂ, ਵਿਕਾਸ ਪ੍ਰੋਜੈਕਟਾਂ ਤੇ ਆਉਣ ਵਾਲੀਆਂ ਯੋਜਨਾਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਚੇਅਰਮੈਨ ਰਮਨੀਕ ਸਿੰਘ ਰੰਧਾਵਾ ਨੇ ਕਿਹਾ ਕਿ ਮੀਟਿੰਗ ’ਚ ਫੈਸਲਾ ਲਿਆ ਗਿਆ ਹੈ ਕਿ ਇੰਪਰੂਵਮੈਂਟ ਟਰੱਸਟ ਦੀਆਂ ਪ੍ਰਾਪਰਟੀਆਂ ਤੇ ਖਾਲੀ ਜ਼ਮੀਨਾਂ ’ਤੇ ਹੋਏ ਕਬਜ਼ਿਆਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਲਦੀ ਹਟਾਇਆ ਜਾਵੇਗਾ। ਟਰੱਸਟ ਦੀ ਜਾਇਦਾਦ ਦੀ ਸੁਰੱਖਿਆ ਤੇ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਪ੍ਰਸ਼ਾਸਨ ਦੀ ਮੁੱਖ ਤਰਜੀਹ ਰਹੇਗੀ। ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਮੀਟਿੰਗ ’ਚ ਈਓ ਰਾਜੇਸ਼ ਚੌਧਰੀ, ਟਰੱਸਟੀ ਆਤਮ ਪ੍ਰਕਾਸ਼ ਸਿੰਘ ਬੱਬਲੂ, ਐੱਸਈ ਰਾਕੇਸ਼ ਗਰਗ ਤੇ ਜਗਦੀਪ ਸਿੰਘ ਨਾਗਰਾ ਮੌਜੂਦ ਸਨ। ਅਧਿਕਾਰੀਆਂ ਨੇ ਵਿਕਾਸ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਆਪਣੇ ਸੁਝਾਅ ਵੀ ਸਾਂਝੇ ਕੀਤੇ। ਮੀਟਿੰਗ ਦੌਰਾਨ ਸ਼ਹਿਰ ਦੇ ਸੁਚੱਜੇ ਵਿਕਾਸ, ਲੋਕ ਸਹੂਲਤਾਂ ’ਚ ਸੁਧਾਰ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਟਰੱਸਟ ਦੀਆਂ ਯੋਜਨਾਵਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ’ਤੇ ਖ਼ਾਸ ਜ਼ੋਰ ਦਿੱਤਾ ਗਿਆ। ਚੇਅਰਮੈਨ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ’ਚ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਤੇ ਵਿਕਾਸ ਕਾਰਜਾਂ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਚੇਅਰਮੈਨ ਨੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਲਈ ਤਿਆਰ ਕੀਤੀ ਗਈ ਪੁਨਰਵਾਸ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਉਸਨੂੰ ਮਨਜ਼ੂਰੀ ਦਿੱਤੀ। ਮੀਟਿੰਗ ’ਚ ਕੁੱਲ 16 ਏਜੰਡਿਆਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ’ਚ ਜ਼ਿਆਦਾਤਰ ਸੰਪਤੀਆਂ ਦੀ ਵਿਕਰੀ ਰਾਹੀਂ ਫੰਡ ਇਕੱਠਾ ਕਰਨ ਤੇ ਲੰਮੇ ਸਮੇਂ ਤੋਂ ਪੈਂਡਿੰਗ ਇਕ ਪਲਾਟ ਹੋਲਡਰ ਨੂੰ ਵਾਧੂ ਖੇਤਰ ਅਲਾਟ ਕਰਨ ਨਾਲ ਸਬੰਧਤ ਮਾਮਲੇ ਸ਼ਾਮਲ ਸਨ।