ਲਾਇਲਪੁਰ ਖ਼ਾਲਸਾ ਕਾਲਜ ਦਾ ਨਾਂ ਚਮਕਾਇਆ
ਬੀ-ਕਾਮ ਦੇ 15 ਵਿਦਿਆਰਥੀਆਂ ਨੇ ਸੀਏ/ਸੀਐੱਸ/ਸੀਐੱਮਏ ਫਾਊਂਡੇਸ਼ਨ ਪ੍ਰੀਖਿਆਵਾਂ ਕੀਤੀਆਂ ਪਾਸ
Publish Date: Wed, 01 Apr 2026 06:31 PM (IST)
Updated Date: Wed, 01 Apr 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਲਈ ਇਹ ਮਾਣ ਦੀ ਗੱਲ ਹੈ ਕਿ ਬੀ-ਕਾਮ ਦੇ 15 ਵਿਦਿਆਰਥੀਆਂ ਨੇ ਸੈਸ਼ਨ 2025-26 ਦੌਰਾਨ ਦੇਸ਼ ਦੇ ਪ੍ਰਸਿੱਧ ਰਾਸ਼ਟਰੀ ਸੰਸਥਾਨਾਂ ਵੱਲੋਂ ਕਰਵਾਈਆਂ ਸੀਏ/ਸੀਐੱਸ/ਸੀਐੱਮਏ ਫਾਊਂਡੇਸ਼ਨ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕੀਤੀਆਂ ਹਨ। ਇਹ ਸਫਲਤਾ ਵਿਦਿਆਰਥੀਆਂ ਦੇ ਅਣਥੱਕ ਯਤਨਾਂ, ਦ੍ਰਿੜ ਨਿਸ਼ਚੇ ਤੇ ਸਭ ਤੋਂ ਚੁਣੌਤੀਪੂਰਨ ਪੇਸ਼ੇਵਰ ਪ੍ਰੀਖਿਆਵਾਂ ’ਚੋਂ ਇਕ ’ਚ ਉੱਤਮ ਪ੍ਰਦਰਸ਼ਨ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਦਰਸਾਉਂਦੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਇਸ ਉਪਲਬਧੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਾਮਰਸ ਵਿਭਾਗ ਦੇ ਅਧਿਆਪਕਾਂ ਦਾ ਵੀ ਨਿਰੰਤਰ ਸਹਿਯੋਗ ਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਲਜ ਗੁਣਵੱਤਾ ਵਾਲੀ ਸਿੱਖਿਆ ਦੇਣ ਤੇ ਭਵਿੱਖ ਦੇ ਪੇਸ਼ੇਵਰ ਨੇਤਾ ਤਿਆਰ ਕਰਨ ਲਈ ਵਚਨਬੱਧ ਹੈ। ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ’ਚ ਸ਼ਵੇਤਾ, ਮੈਰੀ, ਦੀਪਕ, ਪ੍ਰਭਜੋਤ ਕੌਰ, ਨਿਤੀਸ਼ ਵਰਮਾ, ਭੂਮੀ, ਹਰਬਿੰਦਰ ਸਿੰਘ, ਕੁਲਵੀਰ ਕੌਰ, ਅਰਸ਼ਦੀਪ ਕੌਰ, ਯੋਜੀਤ ਵਰਮਾ, ਰਿਸ਼ਭ ਵਰਮਾ, ਅਭਿਨਵ ਪਾਠਕ ਤੇ ਸ਼੍ਰੇਆ ਗਾਂਧੀ ਸ਼ਾਮਲ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ, ਕਾਮਰਸ ਵਿਭਾਗ ਦੀ ਇੰਚਾਰਜ ਪ੍ਰੋ. ਅਮਿਤਾ ਸ਼ਾਹਿਦ ਤੇ ਸੀਏ ਫਾਊਂਡੇਸ਼ਨ ਗਾਈਡੈਂਸ ਸੈੱਲ ਦੇ ਕੋਆਰਡੀਨੇਟਰ ਡਾ. ਨਵਦੀਪ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ।