ਜਾਗਰਣ ਸੰਵਾਦਦਾਤਾ, ਜਾਲੰਧਰ

ਜਾਗਰਣ ਸੰਵਾਦਦਾਤਾ, ਜਾਲੰਧਰ
ਸੂਰਿਆ ਐਨਕਲੇਵ ਨੂੰ ਦੋਮੋਰੀਆ ਪੁਲ ਨਾਲ ਜੋੜਨ ਵਾਲੀ ਕਾਜ਼ੀ ਮੰਡੀ ਦੀ 120 ਫੁੱਟ ਸੜਕ ਦੇ ਨਿਰਮਾਣ ਲਈ ਇੰਪਰੂਵਮੈਂਟ ਟਰੱਸਟ ਨੇ ਇਕ ਵਾਰ ਫਿਰ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਸੜਕ ਦੀ ਜ਼ਮੀਨ 'ਤੇ ਵਸੇ ਲੋਕਾਂ ਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਲਈ ਟਰੱਸਟ ਅਗਲੇ ਹਫ਼ਤੇ ਤੋਂ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਸੜਕ ਦੀ ਜ਼ਮੀਨ 'ਤੇ ਕਾਜ਼ੀ ਮੰਡੀ ਵਿਚ 186 ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ। ਇੰਪਰੂਵਮੈਂਟ ਟਰੱਸਟ ਦੇ ਈਓ ਰਾਜੇਸ਼ ਚੌਧਰੀ ਨੇ ਕਿਹਾ ਹੈ ਕਿ ਸਾਰੇ ਲੋਕਾਂ ਨੂੰ 2-2 ਮਰਲੇ ਦੇ ਪਲਾਟ ਦਿੱਤੇ ਜਾਣਗੇ ਅਤੇ ਇਸ ਲਈ ਸਹਿਮਤੀ ਬਣਾਈ ਜਾ ਚੁੱਕੀ ਹੈ। ਜੇ ਇੱਥੇ 120 ਫੁੱਟ ਸੜਕ ਦਾ ਨਿਰਮਾਣ ਹੁੰਦਾ ਹੈ ਤਾਂ ਸੂਰਿਆ ਐਨਕਲੇਵ ਤੇ ਆਸ-ਪਾਸ ਦੀਆਂ ਕਈ ਕਾਲੋਨੀਆਂ ਦੋਮੋਰੀਆ ਪੁਲ ਰਾਹੀਂ ਸ਼ਹਿਰ ਨਾਲ ਜੁੜ ਜਾਣਗੀਆਂ। 120 ਫੁੱਟ ਸੜਕ ਦੇ ਨਿਰਮਾਣ ਦਾ ਯੋਜਨਾ ਲਗਪਗ 20 ਸਾਲ ਪੁਰਾਣੀ ਹੈ ਅਤੇ 10 ਸਾਲਾਂ ਤੋਂ ਇਸ ਸੜਕ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਬਜ਼ਾਧਾਰੀ ਇਸ ’ਚ ਰੁਕਾਵਟ ਬਣੇ ਹੋਏ ਹਨ। ਇੰਪਰੂਵਮੈਂਟ ਟਰੱਸਟ ਨੇ ਅਪ੍ਰੈਲ 2021 ’ਚ ਸੜਕ ਦੀ ਜ਼ਮੀਨ 'ਤੇ ਬਣੇ ਮਕਾਨਾਂ ਨੂੰ ਤੋੜਨਾ ਸ਼ੁਰੂ ਕੀਤਾ ਸੀ ਪਰ ਸਿਆਸੀ ਕਾਰਨਾਂ ਕਰਕੇ ਇਸ ਮੁਹਿੰਮ ਨੂੰ ਰੋਕ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ। ਹੁਣ ਟਰੱਸਟ ਨੇ ਪੰਜ ਸਾਲਾਂ ਬਾਅਦ ਇਸ ਸੜਕ ਤੋਂ ਕਬਜ਼ੇ ਹਟਾ ਕੇ ਨਿਰਮਾਣ ਕਰਨ ਦੀ ਯੋਜਨਾ ਬਣਾਈ ਹੈ। ਇੱਥੇ 186 ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ ਤੇ ਇਨ੍ਹਾਂ ਸਾਰਿਆਂ ਨੂੰ ਸੰਤੋਸ਼ੀ ਨਗਰ ’ਚ ਹੀ ਟਰੱਸਟ ਦੀ ਜ਼ਮੀਨ 'ਤੇ 2-2 ਮਰਲੇ ਦੇ ਪਲਾਟ ਦਿੱਤੇ ਜਾਣਗੇ। ਸਾਲ 2021 ਵਿਚ ਕਾਂਗਰਸ ਸਰਕਾਰ ਦੇ ਸਮੇਂ ਲੋਕਾਂ ਨੂੰ ਬੇਘਰ ਕਰਨ ਦੀ ਬਜਾਏ ਪਲਾਟਾਂ ਦੇਣ ਦੀ ਮਨਜ਼ੂਰੀ ਸਰਕਾਰ ਤੋਂ ਲਈ ਗਈ ਸੀ। ਈਓ ਰਾਜੇਸ਼ ਚੌਧਰੀ ਨੇ ਕਿਹਾ ਕਿ ਲੋਕਾਂ ਨੂੰ ਪਲਾਟਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਨ ਅਤੇ ਕਬਜ਼ਾ ਹਟਦਿਆਂ ਹੀ ਸੜਕ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ। ਸੜਕ ਨਿਰਮਾਣ ਦਾ ਠੇਕਾ ਅਲਾਟ ਕੀਤਾ ਜਾ ਚੁੱਕਾ ਹੈ।
---
ਮੰਦਰ ਨੇੜੇ ਬਣੇਗੀ 60 ਫੁੱਟ ਸੜਕ
ਇੰਪਰੂਵਮੈਂਟ ਟਰੱਸਟ ਨੇ ਸਾਲ 2021 ਵਿਚ ਜਦੋਂ 120 ਫੁੱਟ ਸੜਕ ਤੋਂ ਕਬਜ਼ੇ ਹਟਾਉਣ ਦਾ ਫੈਸਲਾ ਕੀਤਾ ਸੀ ਤਾਂ ਇਹ ਤੈਅ ਕੀਤਾ ਗਿਆ ਸੀ ਕਿ ਕਾਜ਼ੀ ਮੰਡੀ ’ਚ ਬਣੇ ਮੰਦਰ ਨੂੰ ਕਾਰਵਾਈ ਦੇ ਦਾਇਰੇ ਵਿਚ ਨਹੀਂ ਲਿਆ ਜਾਵੇਗਾ। ਇਸ ਕਾਰਨ ਇਹ ਫੈਸਲਾ ਕੀਤਾ ਗਿਆ ਸੀ ਕਿ ਮੰਦਰ ਨੇੜੇ 60 ਫੁੱਟ ਸੜਕ ਹੀ ਬਣਾਈ ਜਾਵੇਗੀ। ਮੰਦਰ ਪ੍ਰਤੀ ਲੋਕਾਂ ਦੀ ਆਸਥਾ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਸੀ। ਟਰੱਸਟ ਹੁਣ ਵੀ ਇਸ 'ਤੇ ਕਾਇਮ ਰਹੇਗਾ ਤੇ ਮੰਦਰ ਕੰਪਲੈਕਸ ਕਾਰਵਾਈ ਤੋਂ ਬਾਹਰ ਰਹੇਗਾ।
---
ਕਈ ਕਾਲੋਨੀਆਂ ਨੂੰ ਮਿਲੇਗੀ ਰਾਹਤ
120 ਫੁੱਟ ਸੜਕ ਦਾ ਇਕ ਹਿੱਸਾ ਬਣਨ ਨਾਲ ਕਈ ਕਾਲੋਨੀਆਂ ਨੂੰ ਫਾਇਦਾ ਹੋਵੇਗਾ। ਸੂਰਿਆ ਐਨਕਲੇਵ, ਸੂਰਿਆ ਐਨਕਲੇਵ ਐਕਸਟੈਂਸ਼ਨ, ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਆਸਪਾਸ ਦੀਆਂ ਕਈ ਕਾਲੋਨੀਆਂ ਦਾ ਸ਼ਹਿਰ ਨਾਲ ਸਿੱਧਾ ਲਿੰਕ ਹੋ ਜਾਵੇਗਾ। 120 ਫੁੱਟ ਸੜਕ 'ਤੇ ਵਸੀਆਂ ਟਰੱਸਟ ਦੀਆਂ ਕਾਲੋਨੀਆਂ ਤੇ ਪ੍ਰਾਈਵੇਟ ਕਾਲੋਨੀਆਂ ’ਚ ਜ਼ਮੀਨ ਦੇ ਭਾਅ ਵਧਣਗੇ। ਟਰੱਸਟ ਦੀਆਂ ਡੰਪ ਪਈਆਂ ਜ਼ਮੀਨਾਂ ਦੀ ਵੀ ਵਿਕਰੀ ਹੋਵੇਗੀ ਤੇ ਆਮ ਲੋਕਾਂ ਨੂੰ ਇਸ ਨਾਲ ਲਾਭ ਮਿਲੇਗਾ। ਇਸ ਵੇਲੇ ਬਹੁਤ ਸਾਰੇ ਲੋਕ ਇਨ੍ਹਾਂ ਇਲਾਕਿਆਂ ਤੋਂ ਸ਼ਹਿਰ ’ਚ ਆਉਣ ਲਈ ਪੀਏਪੀ, ਗੁਰੂ ਨਾਨਕਪੁਰਾ ਤੇ ਲੰਮਾ ਪਿੰਡ-ਕਿਸ਼ਨਪੁਰਾ ਚੌਕ ਦੇ ਰਸਤਿਆਂ ਦੀ ਵਰਤੋਂ ਕਰਦੇ ਹਨ।