ਲੜਕੀਆਂ ਨਾਲ ਦੋਸਤੀ ਦਾ ਝਾਂਸਾ ਦੇ ਕੇ 12 ਲੱਖ ਦੀ ਠੱਗੀ
ਲੜਕੀਆਂ ਨਾਲ ਦੋਸਤੀ ਦਾ ਝਾਂਸਾ ਦੇ ਕੇ 12 ਲੱਖ ਦੀ ਠੱਗੀ
Publish Date: Sun, 01 Mar 2026 09:58 PM (IST)
Updated Date: Mon, 02 Mar 2026 04:14 AM (IST)

- ਸਾਈਬਰ ਠੱਗਾਂ ਨੇ ਮਾਡਲ ਟਾਊਨ ਦੇ ਕਾਰੋਬਾਰੀ ਨੂੰ ਬਣਾਇਆ ਨਿਸ਼ਾਨਾ - ਫਰਜ਼ੀ ਵੈਬਸਾਈਟਾਂ ਤੇ ਇੰਟਰਨੈੱਟ ਮੀਡੀਆ ਪ੍ਰੋਫ਼ਾਈਲਾਂ ਰਾਹੀਂ ਵਿਛਾ ਰਹੇ ਜਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਾਡਲ ਟਾਊਨ ਇਲਾਕੇ ਦੇ ਇਕ ਕਾਰੋਬਾਰੀ ਨੇ ਇੰਟਰਨੈੱਟ ’ਤੇ ਲੜਕੀਆਂ ਨਾਲ ਦੋਸਤੀ ਤੇ ਡੇਟ ’ਤੇ ਮਿਲਣ ਦੇ ਲਾਲਚ ’ਚ ਦਿੱਤੇ ਗਏ ਲਿੰਕ ’ਤੇ ਕਲਿੱਕ ਕਰ ਦਿੱਤਾ। ਲਿੰਕ ਖੁੱਲ੍ਹਦੇ ਹੀ ਉਸਦੇ ਮੋਬਾਈਲ ਤੇ ਬੈਂਕਿੰਗ ਵੇਰਵੇ ਹੈਕ ਹੋ ਗਏ ਤੇ ਕੁਝ ਹੀ ਸਮੇਂ ’ਚ ਉਸਦੇ ਖਾਤੇ ’ਚੋਂ ਲਗਭਗ 12 ਲੱਖ ਰੁਪਏ ਕੱਢ ਲਏ ਗਏ। ਮਾਮਲੇ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਗਈ ਹੈ ਤੇ ਪੁਲਿਸ ਜਾਂਚ ’ਚ ਜੁੱਟੀ ਹੋਈ ਹੈ। ਘਰ ’ਚ ਇਸ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦਾ ਵਿਆਹ ਵੀ ਟੁੱਟਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਸ਼ਹਿਰ ’ਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਸਾਇਬਰ ਠੱਗ ਫਰਜ਼ੀ ਵੈਬਸਾਈਟਾਂ, ਡੇਟਿੰਗ ਐਪਾਂ ਤੇ ਇੰਟਰਨੈੱਟ ਮੀਡੀਆ ਪ੍ਰੋਫ਼ਾਈਲਾਂ ਬਣਾਕੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਰਹੇ ਹਨ। ਸਾਇਬਰ ਐਕਸਪਰਟ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਾਇਬਰ ਮੁਲਜ਼ਮ ਮਨੋਵਿਗਿਆਨਕ ਤਰੀਕੇ ਵਰਤਦੇ ਹਨ। ਉਹ ਜਾਣਦੇ ਹਨ ਕਿ ਦੋਸਤੀ, ਪਿਆਰ ਜਾਂ ਗੁਪਤ ਸੰਬੰਧਾਂ ਦੇ ਮਾਮਲਿਆਂ ’ਚ ਲੋਕ ਅਕਸਰ ਜਲਦੀ ਅਤੇ ਭਾਵਨਾਤਮਕ ਫੈਸਲੇ ਕਰ ਲੈਂਦੇ ਹਨ। -------------------------- ਜਲੰਧਰ ’ਚ ਕਈ ਮਾਮਲੇ ਆ ਚੁੱਕੇ ਸਾਹਮਣੇ ਬਸਤੀ ਇਲਾਕੇ ਦੇ ਇਕ ਨੌਜਵਾਨ ਨੇ ਇੰਟਰਨੈੱਟ ਮੀਡੀਆ ’ਤੇ ਇਕ ਲੜਕੀ ਨਾਲ ਦੋਸਤੀ ਕਰਨ ਵਾਲਾ ਮੈਸੇਜ ਦੇਖਿਆ ਤੇ ਚੈਟ ਸ਼ੁਰੂ ਕਰ ਦਿੱਤੀ। ਮੁਲਾਕਾਤ ਲਈ ਹੋਟਲ ਬੁਕ ਕਰਨ ਤੇ ਲੜਕੀ ਨਾਲ ਸਿੱਧੀ ਗੱਲ ਕਰਨ ਦੇ ਨਾਂ ’ਤੇ ਦਿੱਤੇ ਲਿੰਕ ’ਤੇ ਕਲਿੱਕ ਕਰਦੇ ਹੀ ਲਗਭਗ 70 ਹਜ਼ਾਰ ਰੁਪਏ ਠੱਗ ਲਏ ਗਏ। ਵਡਾਲਾ ਚੌਂਕ ਨੇੜੇ ਇੱਕ ਕਾਲੋਨੀ ’ਚ ਰਹਿੰਦੇ ਅਤੇ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨੇ ਡੇਟਿੰਗ ਐਪ ਖੋਲ੍ਹੀ। ਪ੍ਰੀਮੀਅਮ ਮੈਂਬਰਸ਼ਿਪ ਅਤੇ ਸਿਕਿਊਰਿਟੀ ਵੇਰੀਫਿਕੇਸ਼ਨ ਦੇ ਨਾਂ ’ਤੇ ਲਿੰਕ ’ਤੇ ਕਲਿੱਕ ਕਰਦੇ ਹੀ ਖਾਤੇ ਵਿੱਚੋਂ 2.5 ਲੱਖ ਰੁਪਏ ਨਿਕਲ ਗਏ। ------------------------ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ * ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ। * ਓਟੀਪੀ, ਪਾਸਵਰਡ ਜਾਂ ਕਾਰਡ ਦੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ। * ਵੀਡੀਓ ਕਾਲ ਦੌਰਾਨ ਸਾਵਧਾਨ ਰਹੋ। ਕਿਸੇ ਅਣਜਾਣ ਵਿਅਕਤੀ ਨਾਲ ਨਿੱਜੀ ਜਾਂ ਆਪਤੀਜਨਕ ਗਤੀਵਿਧੀ ਤੋਂ ਬਚੋ। * ਪ੍ਰੋਫ਼ਾਈਲ ਦੀ ਜਾਂਚ ਕਰੋ। ਫਰਜ਼ੀ ਪ੍ਰੋਫ਼ਾਈਲ ਅਕਸਰ ਨਵੀਆਂ ਬਣੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਸੀਮਿਤ ਜਾਣਕਾਰੀ ਹੁੰਦੀ ਹੈ। * ਠੱਗੀ ਹੋਣ ’ਤੇ ਤੁਰੰਤ 1930 ਹੈਲਪਲਾਈਨ ਜਾਂ ਸਾਇਬਰ ਕ੍ਰਾਈਮ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਓ। -------------------- ਡੇਟਿੰਗ ਦੇ ਨਾਂ ’ਤੇ ਬਲੈਕਮੇਲ, ਲੱਖਾਂ ਰੁਪਏ ਦੀ ਵਸੂਲੀ ਸਾਇਬਰ ਠੱਗ ਹੁਣ ਨੌਜਵਾਨਾਂ ਤੇ ਕਾਰੋਬਾਰੀਆਂ ਨੂੰ ਲੜਕੀ ਨਾਲ ਦੋਸਤੀ ਅਤੇ ਡੇਟਿੰਗ ਦੇ ਨਾਂ ’ਤੇ ਨਿਸ਼ਾਨਾ ਬਣਾ ਰਹੇ ਹਨ। ਕਈ ਮਾਮਲਿਆਂ ’ਚ ਪਹਿਲਾਂ ਫੋਨ ਜਾਂ ਵੀਡੀਓ ਕਾਲ ਰਾਹੀਂ ਗੱਲ ਕਰਕੇ ਭਰੋਸਾ ਜਿੱਤਿਆ ਜਾਂਦਾ ਹੈ। ਕੁਝ ਦਿਨ ਗੱਲਬਾਤ ਤੋਂ ਬਾਅਦ ਰਜਿਸਟ੍ਰੇਸ਼ਨ ਫੀਸ, ਗਿਫਟ ਭੇਜਣ, ਹੋਟਲ ਬੁਕਿੰਗ ਜਾਂ ਸਿਕਿਊਰਿਟੀ ਚਾਰਜ ਦੇ ਨਾਂ ’ਤੇ ਪੈਸੇ ਮੰਗੇ ਜਾਂਦੇ ਹਨ। ਜਿਵੇਂ ਹੀ ਪੀੜਤ ਰਕਮ ਟ੍ਰਾਂਸਫਰ ਕਰਦਾ ਹੈ, ਠੱਗ ਸੰਪਰਕ ਤੋੜ ਲੈਂਦੇ ਹਨ ਜਾਂ ਨਵੀਂ ਮੰਗ ਰੱਖ ਦਿੰਦੇ ਹਨ। ਕਈ ਮਾਮਲਿਆਂ ਵਿੱਚ ਵੀਡੀਓ ਕਾਲ ਰਿਕਾਰਡ ਕਰਕੇ ਇੰਟਰਨੈੱਟ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਵੀ ਕੀਤਾ ਜਾਂਦਾ ਹੈ। ------------------------------- ਕੋਟ)----ਆਨਲਾਈਨ ਦੋਸਤੀ ਤੇ ਡੇਟਿੰਗ ਦੇ ਮਾਮਲਿਆਂ ਵਿੱਚ ਸਾਵਧਾਨ ਰਹੋ। ਲਾਲਚ ਜਾਂ ਭਾਵਨਾਵਾਂ ਵਿੱਚ ਆ ਕੇ ਕੋਈ ਵੀ ਵਿੱਤੀ ਲੈਣ-ਦੇਣ ਨਾ ਕਰੋ। ਜੇ ਕੋਈ ਸੰਦੇਹਜਨਕ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਸਾਇਬਰ ਸੈੱਲ ਨੂੰ ਸੂਚਿਤ ਕਰੋ। = ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ।