ਵੱਖ-ਵੱਖ ਮਾਮਲਿਆਂ ’ਚ ਸੁਣਾਈ ਕੈਦ ਦੀ ਸਜ਼ਾ
ਨਸ਼ਾ ਤਸਕਰੀ ’ਚ 11 ਸਾਲ ਦੀ ਸਜ਼ਾ, ਮਾਰਪੀਟ ਮਾਮਲੇ ’ਚ ਦੋ ਨੂੰ ਤਿੰਨ-ਤਿੰਨ ਸਾਲ ਕੈਦ
Publish Date: Thu, 26 Feb 2026 08:42 PM (IST)
Updated Date: Thu, 26 Feb 2026 08:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੀਆਂ ਅਦਾਲਤਾਂ ਨੇ ਦੋ ਵੱਖ-ਵੱਖ ਮਾਮਲਿਆਂ ’ਚ ਮੁਲਜ਼ਮਾਂ ਨੂੰ ਕਸੂਰਵਾਰ ਠਹਿਰਾਉਂਦਿਆਂ ਸਜ਼ਾਵਾਂ ਸੁਣਾਈਆਂ ਹਨ। ਪਹਿਲੇ ਮਾਮਲੇ ’ਚ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਕੇਸ ’ਚ ਮੁਲਜ਼ਮ ਰਾਜੇਸ਼ ਕੁਮਾਰ ਵਾਸੀ ਕਾਜੀਆਂ ਮੁਹੱਲਾ, ਫਿਲੌਰ ਨੂੰ 11 ਸਾਲ ਦੀ ਕੈਦ ਤੇ 1 ਲੱਖ 24 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਜੇ ਮੁਲਜ਼ਮ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸ ਨੂੰ ਛੇ ਮਹੀਨੇ ਦੀ ਵਾਧੂ ਕੈਦ ਕੱਟਣੀ ਪਵੇਗੀ। ਇਸ ਸਬੰਧੀ 12 ਮਾਰਚ 2019 ਨੂੰ ਥਾਣਾ ਫਿਲੌਰ ’ਚ ਕੇਸ ਦਰਜ ਕੀਤਾ ਗਿਆ ਸੀ। ਦੂਜੇ ਮਾਮਲੇ ’ਚ ਜੇਐੱਮਆਈਸੀ ਜਸਪ੍ਰੀਤ ਸਿੰਘ ਦੀ ਅਦਾਲਤ ਨੇ ਕੁੱਟਮਾਰ ਦੇ ਇਕ ਕੇਸ ’ਚ ਜਸਵੀਰ ਸਿੰਘ ਤੇ ਅਮਰਜੀਤ ਕੌਰ ਵਾਸੀ ਜਲੰਧਰ ਨੂੰ ਮੁਲਜ਼ਮ ਕਰਾਰ ਦਿੱਤਾ ਹੈ। ਅਦਾਲਤ ਨੇ ਦੋਹਾਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਤੇ ਦੋ-ਦੋ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ’ਚ ਵਾਧੂ ਸਜ਼ਾ ਦੀ ਵੀ ਤਜਵੀਜ਼ ਹੈ। ਇਹ ਮਾਮਲਾ 27 ਅਗਸਤ 2019 ਨੂੰ ਥਾਣਾ ਮਕਸੂਦਾਂ ’ਚ ਦਰਜ ਹੋਇਆ ਸੀ। ਸ਼ਿਕਾਇਤਕਰਤਾ ਕੁਲਦੀਪ ਤੇ ਸਰਬਜੀਤ, ਜੋ ਦੋਸ਼ੀਆਂ ਦੇ ਰਿਸ਼ਤੇਦਾਰ ਦੱਸੇ ਗਏ ਹਨ, ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।