ਨਵੀਂ ਦਿੱਲੀ ਦੀ ਗਣਤੰਤਰ ਦਿਵਸ ਪਰੇਡ ਲਈ ਖਾਲਸਾ ਕਾਲਜ ਦੇ 11 ਵਿਦਿਆਰਥੀ ਚੁਣੇ
ਨਵੀਂ ਦਿੱਲੀ ਦੀ ਗਣਤੰਤਰ ਦਿਵਸ ਪਰੇਡ ਲਈ ਖਾਲਸਾ ਕਾਲਜ ਦੇ 11 ਵਿਦਿਆਰਥੀ ਚੁਣੇ
Publish Date: Fri, 23 Jan 2026 06:41 PM (IST)
Updated Date: Fri, 23 Jan 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ 11 ਐੱਨਐੱਸਐੱਸ ਵਲੰਟੀਅਰ ਗਣਤੰਤਰ ਦਿਵਸ ਪਰੇਡ ’ਚ ਝਾਕੀਆਂ ਦਾ ਹਿੱਸਾ ਬਣਨ ਜਾ ਰਹੇ ਹਨ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਚੁਣੇ ਗਏ ਵਲੰਟੀਅਰਾਂ ’ਚ ਜਸਕਰਨ ਸਿੰਘ, ਜਸਕਰਨ ਗਧਰਾ, ਗੁਰਜਾਪ ਸਿੰਘ, ਗੁਰਵਿੰਦਰ ਕੌਰ, ਅੰਜਲੀ, ਸੁਖਪ੍ਰੀਤ ਕੌਰ, ਆਕ੍ਰਿਤੀ, ਮੁਸਕਾਨ, ਅਭਿਜੀਤ ਸਿੰਘ, ਕਮਲਜੀਤ ਸਿੰਘ ਸ਼ਾਮਲ ਹਨ। ਪ੍ਰਿੰਸੀਪਲ ਨੇ ਸਾਰੇ ਭਾਗੀਦਾਰਾਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ। ਮੁੱਖ ਐੱਨਐੱਸਐੱਸ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਐੱਨਐੱਸਐੱਸ ਵਲੰਟੀਅਰ ਇਸ ਪਰੇਡ ਦਾ ਹਿੱਸਾ ਬਣਨ ਲਈ ਇਕ ਸਾਲ ਤੋਂ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸਖ਼ਤ ਅਭਿਾਸ ਤੇ ਜਾਂਚ ਤੋਂ ਬਾਅਦ ਰੱਖਿਆ ਮੰਤਰਾਲੇ ਦੁਆਰਾ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਝਾਕੀ ’ਚ ਕੁੱਲ 14 ਭਾਗੀਦਾਰ ਹਨ, ਜਿਨ੍ਹਾਂ ਵਿਚੋਂ 9 ਐਲਕੇਸੀ ਤੋਂ ਹਨ ਜਦੋਂਕਿ ਕਾਲਜ ਦੇ 02 ਹੋਰ ਵਲੰਟੀਅਰ ਇਕ ਹੋਰ ਝਾਕੀ ਦੀ ਨੁਮਾਇੰਦਗੀ ਕਰ ਰਹੇ ਹਨ। ਇਹ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਲਾਇਲਪੁਰ ਖਾਲਸਾ ਕਾਲਜ ਦੇ ਵਲੰਟੀਅਰ ਜਸਕਰਨ ਸਿੰਘ ਨੂੰ ਪੰਜਾਬ ਦੀ ਝਾਕੀ ਦਾ ਟੀਮ ਲੀਡਰ ਚੁਣਿਆ ਗਿਆ ਹੈ। ਇਸ ਸਾਲ ਪੰਜਾਬ ਦੀ ਝਾਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਨੂੰ ਸਮਰਪਿਤ ਹੈ, ਜੋ ਵਿਸ਼ਵਵਿਆਪੀ ਭਾਈਚਾਰੇ ਦੇ ਵਿਸ਼ੇ ਨੂੰ ਦਰਸਾਉਂਦੀ ਹੈ। ਟੀਮ ਪੰਜਾਬ ਦੁਆਰਾ ਸਵੈ-ਇੱਛਾ ਨਾਲ ਫੈਸਲਾ ਕੀਤਾ ਗਿਆ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਵਜੋਂ 8 ਕਿਲੋਮੀਟਰ ਲੰਬੇ ਮਾਰਗ ’ਤੇ ਨੰਗੇ ਪੈਰ ਪਰੇਡ ਕਰਨਗੇ।