ਢੰਡੋਵਾਲ ਦੇ ਐੱਨਆਰਆਈ ਤੇ ਚੱਠਾ ਭਰਾਵਾਂ ਨੇ 11 ਸਮੂਹਿਕ ਵਿਆਹ ਕਰਵਾਏ
ਢੰਡੋਵਾਲ ਦੇ ਪ੍ਰਵਾਸੀ ਤੇ ਚੱਠਾ ਭਰਾਵਾਂ ਵੱਲੋਂ 11 ਸਮੂਹਿਕ ਵਿਆਹ ਕਰਵਾਏ
Publish Date: Sun, 22 Feb 2026 06:17 PM (IST)
Updated Date: Sun, 22 Feb 2026 06:18 PM (IST)

- ਰਾਣਾ ਗੁਰਜੀਤ, ਸ਼ੇਰੋਵਾਲੀਆ, ਥਿਆੜਾ, ਮਾਨ, ਚੰਦੀ ਤੇ ਹੋਰ ਵੱਡੇ ਆਗੂ ਵਿਆਹ ਸਮਾਗਮ ’ਚ ਸ਼ਾਮਲ ਹੋਏ ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : ਢੰਡੋਵਾਲ ਵੈੱਲਫੇਅਰ ਆਰਗਨਾਈਜੇਸ਼ਨ ਐੱਨਆਰਆਈ ਤੇ ਸਮੂਹ ਨਗਰ ਵਾਸੀਆਂ ਵੱਲੋਂ ਐਤਵਾਰ ਨੂੰ ਪਿੰਡ ਦੇ ਖੇਡ ਸਟੇਡੀਅਮ ’ਚ 11 ਜੋੜਿਆਂ ਦੇ ਆਨੰਦ ਕਾਰਜ ਕਰਵਾ ਕੇ 11 ਲੜਕੀਆਂ ਤੇ 11 ਲੜਕਿਆਂ ਨੂੰ ਗ੍ਰਹਿਸਤ ਜੀਵਨ ’ਚ ਪ੍ਰਵੇਸ਼ ਕਰਵਾਇਆ। ਖੁੱਲੇ ਖੇਡ ਸਟੇਡੀਅਮ ’ਚ ਐਤਵਾਰ ਸਵੇਰ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅਨੰਦ ਕਾਰਜ ਹੋਣ ਵੇਲੇ ਤਕ ਸਟੇਡੀਅਮ ਦੀ ਵੱਖਰੀ ਹੀ ਦਿੱਖ ਨਜ਼ਰ ਆਉਣ ਲੱਗੀ। ਇਸ ਤੋਂ ਪਹਿਲਾਂ ਭਾਈ ਕਾਬਲ ਸਿੰਘ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਅਰਦਾਸ ਕੀਤੀ। ਉਨ੍ਹਾਂ ਨੇ ਗੁਰਮਤਿ ਅਨੁਸਾਰ ਗ੍ਰਹਿਸਤ ਜੀਵਨ ਜਿਊਣ ਲਈ ਵਿਆਹੇ ਜੋੜਿਆਂ ਨੂੰ ਪ੍ਰੇਰਨਾ ਦਿੱਤੀ। ਸਮੂਹਿਕ ਵਿਆਹ ਸਮਾਗਮ ਦੇ ਅਗਲੇ ਦੌਰ ’ਚ ਵੱਖ-ਵੱਖ ਸਿਆਸੀ ਦੇ ਸਮਾਜੀ ਆਗੂਆਂ ਨੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ। ਸੇਵਾਮੁਕਤ ਐੱਸਐੱਸਪੀ ਕੁਲਵਿੰਦਰ ਸਿੰਘ ਥਿਆੜਾ ਨੇ ਕਿਹਾ ਕਿ ਲੋੜਵੰਦ ਜੋੜਿਆਂ ਦੇ ਸ਼ਾਨਦਾਰ ਵਿਧੀ ਵਿਧਾਨ ਨਾਲ ਵਿਆਹ ਕਰਨ ਲਈ ਢੰਡੋਵਾਲ ਵੈੱਲਫੇਅਰ ਆਰਗਨਾਈਜੇਸ਼ਨ ਵਧਾਈ ਦੀ ਪਾਤਰ ਹੈ। ਇਸ ਮੌਕੇ ਸਾਬਕਾ ਕੈਬਨਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਜੋੜਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਰਜ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੀਤਾ ਗਿਆ ਹੈ। ਇਹ ਕਾਰਜ ਇਕ ਕਿਸਮ ਦਾ ਕੁੰਭ ਹੈ, ਜਿੱਥੇ ਅਸੀਂ ਸਭ ਨੇ ਟੁਬੀ ਲਾਈ ਹੈ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵਿਆਹੇ ਜੋੜਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਸਭ ਨੇ ਰਲ ਮਿਲ ਕੇ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਚੱਠਾ ਪਰਿਵਾਰ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਚੰਗੇ ਕੰਮਾਂ ਲਈ ਹਮੇਸ਼ਾ ਸਰਗਰਮ ਰਹਿੰਦਾ ਹੈ। ਇਨ੍ਹਾਂ ਉੱਦਮਾਂ ਦੇ ਨਾਲ ਇਸ ਪਰਿਵਾਰ ਦਾ ਰੁਤਬਾ ਬੁਲੰਦ ਹੋਇਆ ਹੈ ਤੇ ਲੋਕ ਉਸਤਤ ਵੀ ਕਰਦੇ ਹਨ। ਸਾਬਕਾ ਕੈਬਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸਮਾਗਮ ’ਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਵਤਾ ਲਈ ਕੰਮ ਕਰਨਾ ਸਭ ਤੋਂ ਉੱਤਮ ਹੁੰਦਾ ਹੈ। ਅੱਜ ਦਾ ਕਾਰਜ ਵੀ ਇਸੇ ਲੜੀ ’ਚ ਆਉਂਦਾ ਹੈ। ਇਸ ਤਰ੍ਹਾਂ ਕੰਨਿਆ ਦਾਨ ਕਰਨਾ ਪੰਜਾਬ ਦੀ ਰੀਤ ਰਹੀ ਹੈ ਤੇ ਚੱਠਾ ਪਰਿਵਾਰ ਨੇ ਇਸ ਰੀਤ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਵਿਆਹੇ ਜੋੜਿਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਚੱਠਾ ਪਰਿਵਾਰ ਨੇ ਅੱਜ ਮਾਪਿਆਂ ਵਾਲਾ ਫਰਜ਼ ਨਿਭਾਇਆ ਹੈ ਤੇ ਇਨ੍ਹਾਂ ਨੂੰ ਵੀ ਦਿਲਾਂ ਅੰਦਰ ਵਸਾਈ ਰੱਖਣਾ। ਵਿਆਹ ਸਮਾਗਮ ਦੇ ਮੁੱਖ ਪ੍ਰਬੰਧਕ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਨੇ ਹੋਰ ਜ਼ਿੰਮੇਵਾਰੀਆਂ ਦੇ ਨਾਲ ਸਟੇਜ ਸੰਚਾਲਨ ਵੀ ਕੀਤਾ। ਇਸ ਮੌਕੇ ਕੁਲਵੰਤ ਸਿੰਘ ਚੱਠਾ ਯੂਕੇ ਨੇ ਸਮਾਗਮ ’ਚ ਸ਼ਾਮਲ ਸਭ ਕੋਲੋਂ ਪੰਜ ਵਾਰ ਵਾਹਿਗੁਰੂ ਦਾ ਜਾਪ ਕਰਵਾਉਂਦਿਆਂ ਕਿਹਾ ਕਿ ਨਵੀਂ ਜ਼ਿੰਦਗੀ ’ਚ ਪੈਰ ਧਰਨ ਵਾਲੇ ਜੋੜਿਆਂ ਨੂੰ ਅਸੀਂ ਗੁਰ ਮੰਤਰ ਦਾ ਸ਼ਗਨ ਪਾਉਣਾ ਹੈ। ਚੱਠਾ ਨੇ ਵਿਆਹ ਦੇ ਕਾਰਜਾਂ ’ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ। ਪਹਿਲਵਾਨ ਨਛੱਤਰ ਸਿੰਘ ਸੱਤੀ ਤੇ ਜਗਤਾਰ ਸਿੰਘ ਖਾਲਸਾ ਨੇ ਪੂਰੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਲਖਬੀਰ ਸਿੰਘ ਚੱਠਾ ਯੂਕੇ, ਉੱਘੇ ਸਮਾਜ ਸੇਵਕ ਹਰਬੰਸ ਸਿੰਘ ਚੰਦੀ, ਸੇਵਾਮੁਕਤ ਡੀਐੱਸਪੀ ਭੁਪਿੰਦਰ ਸਿੰਘ ਥਿੰਦ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਸਾਬਕਾ ਚੇਅਰਮੈਨ ਅਸ਼ਵਿੰਦਰ ਪਾਲ ਸਿੰਘ ਖਹਿਰਾ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਮੀਤ ਪ੍ਰਧਾਨ ਪਰਮਜੀਤ ਕੌਰ ਬਜਾਜ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਵਾਤਾਵਰਣ ਸੁਧਾਰ ਸੁਸਾਇਟੀ ਦੇ ਪ੍ਰਧਾਨ ਬੰਟੀ ਬੱਠਲਾ, ਟਿੰਪੀ ਕੁਮਰਾ, ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਦੇ ਪ੍ਰਧਾਨ ਬੂਟਾ ਸਿੰਘ ਕਲਸੀ, ਕਰਨਲ ਸ਼ਰਨਜੀਤ ਸਿੰਘ ਬਾਜਵਾ ਚੰਡੀਗੜ੍ਹ, ਬਾਬਾ ਜਸਵੰਤ ਸਿੰਘ, ਬਲਵਿੰਦਰ ਸਿੰਘ ਯੂਐੱਸਏ, ਡਾ. ਜਗਤਾਰ ਸਿੰਘ ਚੰਦੀ, ਗੁਰਪਾਲ ਸਿੰਘ ਪਾਲੀ ਚੱਠਾ, ਬੂਟਾ ਸਿੰਘ ਕੋਟਲੀ, ਮਦਨ ਲਾਲ ਅਰੋੜਾ, ਜਤਿੰਦਰ ਪਾਲ ਸਿੰਘ ਜੱਸਲ, ਗਗਨਦੀਪ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਬਲਿਹਾਰ ਸਿੰਘ ਚੱਠਾ ਨੰਬਰਦਾਰ, ਜਸਪਾਲ ਸਿੰਘ ਚੱਠਾ, ਨੱਥਾ ਸਿੰਘ ਜਾਫਰਵਾਲ ਵੀ ਸ਼ਾਮਲ ਸਨ। ਵਿਆਹ ’ਚ ਘਰ ਦੇ ਮੁਖੀ ਔਰਤ ਵੱਲੋਂ ਨਿਭਾਏ ਜਾਂਦੇ ਫਰਜ਼ ਕੁਲਵੰਤ ਕੌਰ ਚੱਠਾ ਨੇ ਬਾਖੂਬੀ ਨਿਭਾਏ।