11 ਮਈ ਨੂੰ ਦੇਸ਼ ਭਰ ’ਚ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ
- ਆਨਲਾਈਨ ਫਾਰਮੇਸੀ ਤੇ
Publish Date: Sun, 22 Mar 2026 09:35 PM (IST)
Updated Date: Sun, 22 Mar 2026 09:37 PM (IST)
- ਆਨਲਾਈਨ ਫਾਰਮੇਸੀ ਤੇ ਡੋਰ ਸਟੈਪ ਡਲਿਵਰੀ ਖ਼ਿਲਾਫ਼ ਆਲ ਇੰਡੀਆ ਆਰਗੇਨਾਈਜ਼ੇਸ਼ਨ ਦੇ ਕੈਮਿਸਟ ਤੇ ਡਰੱਗਿਸਟ ਵੱਲੋਂ ਐਲਾਨ
ਜ. ਸ., ਜਲੰਧਰ : ਦੇਸ਼ ਭਰ ਵਿਚ ਕੈਮਿਸਟ ਅਤੇ ਡਰੱਗਿਸਟਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਫਾਰਮੇਸੀ ਦੇ ਵਧਦੇ ਪ੍ਰਭਾਵ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। 11 ਮਈ ਨੂੰ ਨੈਸ਼ਨਲ ਫਾਰਮੇਸੀ ਬੰਦ ਤਹਿਤ ਦੇਸ਼ ਭਰ ਵਿਚ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਰਾਜਸਥਾਨ ਦੇ ਉਦਯਪੁਰ ਵਿਚ ਹੋਈ ਇਕ ਬੈਠਕ ਵਿਚ ਲਿਆ ਗਿਆ। ਇਸ ਬਾਰੇ ਜਾਣਕਾਰੀ ਜ਼ਿਲ੍ਹਾ ਜਲੰਧਰ ਦੇ ਕੈਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਕੈਮਿਸਟ ਦੇ ਮੈਂਬਰ ਜਤਿੰਦਰ ਸਿੰਘ ਚਾਵਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੜਤਾਲ ਪਹਿਲਾਂ 15 ਅਪ੍ਰੈਲ ਨੂੰ ਪ੍ਰਸਤਾਵਿਤ ਸੀ, ਪਰ ਚੋਣਾਂ ਦੇ ਮੱਦੇਨਜ਼ਰ ਇਸ ਨੂੰ 11 ਮਈ ਤੱਕ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਨੇ ਦੇਸ਼ ਭਰ ਵਿਚ ਡਿਜੀਟਲ ਪਲੇਟਫਾਰਮਾਂ ’ਤੇ ਫਾਰਮਾਸਿਸਟਾਂ ਦੀ ਨਿਗਰਾਨੀ ਦੇ ਬਿਨਾਂ ਦਵਾਈਆਂ ਖੁੱਲ੍ਹੇ ਤੌਰ ’ਤੇ ਵੇਚਣ ਖ਼ਿਲਾਫ਼ ਵਿਰੋਧ ਜਤਾਇਆ ਹੈ। ਸਿਹਤ ਸੇਵਾਵਾਂ ਵਿਚ ਗੰਭੀਰ ਸਮੱਸਿਆਵਾਂ ਅਤੇ ਸੈਲਫ-ਮੈਡੀਕੇਸ਼ਨ ਦੀ ਵਧਦੀ ਪ੍ਰਵਿਰਤੀ ਕਾਰਨ ਸਰਕਾਰ ਤੋਂ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਡੋਰ ਸਟੈੱਪ ਡਲਿਵਰੀ ਯੋਜਨਾ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨਾਲ ਛੋਟੇ ਦੁਕਾਨਦਾਰਾਂ ਦੀ ਸਥਿਤੀ ਖ਼ਰਾਬ ਹੋਵੇਗੀ ਅਤੇ ਆਨਲਾਈਨ ਕੰਪਨੀਆਂ ਬਾਜ਼ਾਰ ਨੂੰ ਅਸਥਿਰ ਕਰਨਗੀਆਂ। ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਸਹਗਲ ਨੇ ਦੱਸਿਆ ਕਿ ਮਰੀਜ਼ਾਂ ਲਈ ਹਸਪਤਾਲਾਂ ਵਿਚ ਫਾਰਮੇਸੀ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ, ਜਦਕਿ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਹੜਤਾਲ ਦੌਰਾਨ ਦੇਸ਼ ਭਰ ਦੇ ਲਗਪਗ 12 ਲੱਖ 40 ਹਜ਼ਾਰ ਰਿਟੇਲ ਅਤੇ ਹੋਲਸੇਲ ਦਵਾਈਆਂ ਵੇਚਣ ਵਾਲੇ ਸਟੋਰ ਪੂਰੀ ਤਰ੍ਹਾਂ ਬੰਦ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ ਹਸਪਤਾਲਾਂ ਦੇ ਅੰਦਰ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ, ਤਾਂ ਜੋ ਸੁਰੱਖਿਆ ਅਤੇ ਐਮਰਜੈਂਸੀ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾ ਸਕੇ।