- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-सस्ती दवाओं के नाम

- ਸਸਤੀਆਂ ਦਵਾਈਆਂ ਦੇ ਨਾਂ ’ਤੇ ਬਜ਼ੁਰਗਾਂ ਤੇ ਮਰੀਜ਼ਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ, ਇੱਕ ਕਲਿੱਕ ’ਚ ਖਾਲੀ ਹੋ ਰਹੇ ਬੈਂਕ ਖਾਤੇ
ਸੁਕਰਾਂਤ, ਪੰਜਾਬੀ ਜਾਗਰਣ
ਜਲੰਧਰ : ਗੋਪਾਲ ਨਗਰ ’ਚ ਰਹਿਣ ਵਾਲੇ ਇੱਕ ਬਜ਼ੁਰਗ ਸੋਮਨਾਥ ਨੂੰ ਇੰਟਰਨੈੱਟ ’ਤੇ ਹਾਰਟ ਦੀ ਮਹਿੰਗੀ ਦਵਾਈ ਅੱਧੇ ਭਾਅ ’ਤੇ ਦੇਣ ਦਾ ਆਫਰ ਮਿਲਿਆ। ਉਸ ਬਜ਼ੁਰਗ ਨੇ ਆਪਣੇ ਪੈਸੇ ਬਚਾਉਣ ਦੇ ਚੱਕਰ ਵਿਚ ਮੈਸੇਜ ’ਤੇ ਦਿੱਤੇ ਲਿੰਕ ’ਤੇ ਕਲਿੱਕ ਕਰ ਦਿੱਤਾ। ਦਵਾਈ ਨਿਯਮਿਤ ਤੌਰ ’ਤੇ ਲੈਣੀ ਹੋਣ ਕਾਰਨ ਉਸ ਨੇ ਬਿਨਾਂ ਜ਼ਿਆਦਾ ਜਾਂਚ-ਪੜਤਾਲ ਕੀਤੇ ਯੂਪੀਆਈ ਜ਼ਰੀਏ ਭੁਗਤਾਨ ਕਰ ਦਿੱਤਾ। ਪਰ ਨਾ ਤਾਂ ਦਵਾਈ ਉਸ ਦੇ ਘਰ ਪਹੁੰਚੀ ਅਤੇ ਨਾ ਹੀ ਭੁਗਤਾਨ ਕੀਤੀ ਗਈ ਰਕਮ ਵਾਪਸ ਮਿਲੀ। ਬਾਅਦ ਵਿਚ ਉਸ ਦੇ ਖਾਤੇ ’ਚੋਂ ਲਗਪਗ 90 ਹਜ਼ਾਰ ਰੁਪਏ ਨਿਕਲ ਗਏ। ਬਾਅਦ ’ਚ ਪਤਾ ਚੱਲਿਆ ਕਿ ਇਹ ਇਕ ਸਾਈਬਰ ਠੱਗੀ ਸੀ।
ਇਹ ਮਾਮਲਾ ਕੋਈ ਇਕੱਲਾ ਨਹੀਂ ਹੈ। ਇੰਟਰਨੈੱਟ ਠੱਗਾਂ ਨੇ ਹੁਣ ਲੋਕਾਂ ਨੂੰ ਲੁੱਟਣ ਲਈ ਅੱਧੀ ਕੀਮਤ ’ਤੇ ਦਵਾਈ ਦਾ ਨੈੱਟਵਰਕ ਵਿਛਾ ਦਿੱਤਾ ਹੈ। ਖਾਸ ਕਰ ਕੇ ਮਹਿੰਗੀਆਂ, ਲੰਬੇ ਸਮੇਂ ਤਕ ਚੱਲਣ ਵਾਲੀਆਂ ਅਤੇ ਗੰਭੀਰ ਬਿਮਾਰੀਆਂ ਨਾਲ ਜੁੜੀਆਂ ਦਵਾਈਆਂ ਨੂੰ ਲੱਭਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਰੀਜ਼ਾਂ ਦੀ ਮਜਬੂਰੀ ਅਤੇ ਇਲਾਜ ਦੀ ਚਿੰਤਾ ਦਾ ਫਾਇਦਾ ਉਠਾ ਕੇ ਠੱਗ ਆਸਾਨੀ ਨਾਲ ਲੋਕਾਂ ਨੂੰ ਆਪਣੇ ਨੈੱਟਵਰਕ ਵਿਚ ਫਸਾ ਲੈਂਦੇ ਹਨ। ਸਾਈਬਰ ਠੱਗ ਸੋਸ਼ਲ ਮੀਡੀਆ, ਵਟਸਐਪ, ਟੈਲੀਗ੍ਰਾਮ ਅਤੇ ਫਰਜ਼ੀ ਵੈੱਬਸਾਈਟਾਂ ਦੇ ਜ਼ਰੀਏ ਆਪਣੇ ਆਪ ਨੂੰ ਮੈਡੀਕਲ ਸਟੋਰ ਜਾਂ ਆਨਲਾਈਨ ਫਾਰਮੇਸੀ ਦਾ ਪ੍ਰਤੀਨਿਧੀ ਦੱਸ ਕੇ ਲੋਕਾਂ ਨਾਲ ਸੰਪਰਕ ਕਰਦੇ ਹਨ। ਮੈਸੇਜ ਆਉਂਦੇ ਹਨ ਕਿ ਹਾਰਟ, ਕੈਂਸਰ ਜਾਂ ਡਾਇਬਟੀਜ਼ ਦੀਆਂ ਦਵਾਈਆਂ 50 ਫ਼ੀਸਦੀ ਤਕ ਸਸਤੀ, ਘਰ ਬੈਠੇ ਡਲਿਵਰੀ। ਇਸ ਤੋਂ ਬਾਅਦ ਠੱਗ ਭਰੋਸਾ ਜਿੱਤਣ ਲਈ ਨਕਲੀ ਮੈਡੀਕਲ ਬਿੱਲ, ਫਰਜ਼ੀ ਡਰੱਗ ਲਾਇਸੈਂਸ ਅਤੇ ਇੱਥੇ ਤਕ ਕਿ ਦੁਕਾਨ ਦੀਆਂ ਤਸਵੀਰਾਂ ਵੀ ਭੇਜਦੇ ਹਨ। ਕਈ ਵਾਰੀ ਉਹ ਆਪਣੇ ਆਪ ਨੂੰ ਕਿਸੇ ਨਾਮੀ ਫਾਰਮੇਸੀ ਨਾਲ ਜੁੜਿਆ ਦੱਸ ਕੇ ਗੱਲ ਕਰਦੇ ਹਨ। ਜਦੋਂ ਪੀੜਤ ਪੂਰੀ ਤਰ੍ਹਾਂ ਭਰੋਸਾ ਕਰ ਲੈਂਦਾ ਹੈ, ਤਾਂ ਠੱਗ ਐਡਵਾਂਸ ਭੁਗਤਾਨ ਜਾਂ ਕੇਵਾਈਸੀ ਅਪਡੇਟ ਦੇ ਨਾਂ ’ਤੇ ਇੱਕ ਲਿੰਕ ਭੇਜਦੇ ਹਨ। ਜਿਵੇਂ ਹੀ ਵਿਅਕਤੀ ਉਸ ਲਿੰਕ ’ਤੇ ਕਲਿੱਕ ਕਰ ਕੇ ਆਪਣੀ ਬੈਂਕ ਜਾਂ ਯੂਪੀਆਈ ਜਾਣਕਾਰੀ ਦਿੰਦਾ ਹੈ, ਕੁਝ ਹੀ ਸਕਿੰਟ ਵਿਚ ਉਸ ਦੇ ਖਾਤੇ ਤੋਂ ਰਕਮ ਨਿਕਲ ਜਾਂਦੀ ਹੈ। ਰਕਮ ਨਿਕਲਣ ਤੋਂ ਬਾਅਦ ਠੱਗ ਤੁਰੰਤ ਮੋਬਾਈਲ ਨੰਬਰ ਬੰਦ ਕਰ ਦਿੰਦੇ ਹਨ ਜਾਂ ਬਲਾਕ ਕਰ ਦਿੰਦੇ ਹਨ।
- ਕਈ ਲੋਕ ਹੋ ਚੁਕੇ ਨੇ ਠੱਗੀ ਦੇ ਸ਼ਿਕਾਰ
ਜਲੰਧਰ ਦੇ ਬਸਤੀ ਬਾਵਾ ਖੇਲ ’ਚ ਰਹਿਣ ਵਾਲੇ ਇਕ ਬਜ਼ੁਰਗ ਨੂੰ ਵਟਸਐਪ ’ਤੇ ਡਾਇਬਟੀਜ਼ ਦੀਆਂ ਦਵਾਈਆਂ ’ਤੇ 60 ਫ਼ੀਸਦੀ ਛੋਟ ਦਾ ਮੈਸੇਜ ਮਿਲਿਆ। ਠੱਗ ਨੇ ਨਕਲੀ ਬਿੱਲ ਅਤੇ ਲਾਇਸੈਂਸ ਭੇਜ ਕੇ ਭਰੋਸਾ ਦਿਵਾਇਆ। ਲਿੰਕ ’ਤੇ ਕਲਿੱਕ ਕਰਦੇ ਹੀ ਖਾਤੇ ਤੋਂ 15 ਹਜ਼ਾਰ ਰੁਪਏ ਨਿਕਲ ਗਏ। ਕਿਸ਼ਨਗੜ੍ਹ ’ਚ ਇੱਕ ਕੈਂਸਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਮਹਿੰਗੇ ਇੰਜੈਕਸ਼ਨ ਦੀ ਦਵਾਈ ਸਸਤੀ ਮਿਲਣ ਦਾ ਮੈਸੇਜ ਆਇਆ। ਸਾਰੀਆਂ ਦਵਾਈਆਂ ਐਥੀਕਲ ਸਨ, ਜਿਸ ਕਾਰਨ ਪਰਿਵਾਰ ਲਾਲਚ ਵਿਚ ਆ ਗਿਆ। ਮੈਸੇਜ ਵਿਚ ਮਿਲੇ ਲਿੰਕ ’ਤੇ ਕਲਿੱਕ ਕੀਤਾ ਗਿਆ ਤਾਂ ਮੋਬਾਈਲ ਹੈਕ ਹੋ ਗਿਆ ਅਤੇ ਜਿਸ ਔਰਤ ਨੇ ਮੈਸੇਜ ਕੀਤਾ, ਠੱਗਾਂ ਨੇ ਉਸਦੇ ਖਾਤੇ ’ਚੋਂ 25 ਹਜ਼ਾਰ ਰੁਪਏ ਦੀ ਠੱਗੀ ਕਰ ਲਈ।
- ਲੋਕ ਕਿਉਂ ਆਸਾਨੀ ਨਾਲ ਝਾਂਸੇ ’ਚ ਆ ਜਾਂਦੇ ਹਨ
1. ਦਵਾਈਆਂ ਦੀ ਵਧਦੀਆਂ ਕੀਮਤਾਂ
2. ਗੰਭੀਰ ਬਿਮਾਰੀ ਤੇ ਇਲਾਜ ਦੀ ਮਜਬੂਰੀ
3. ਆਨਲਾਈਨ ਖ਼ਰੀਦਦਾਰੀ ’ਤੇ ਵਧਦਾ ਭਰੋਸਾ
4. ਬਜ਼ੁਰਗ ਅਤੇ ਘੱਟ ਪੜ੍ਹੇ-ਲਿਖੇ ਲੋਕ ਖਾਸ ਤੌਰ ’ਤੇ ਇਨ੍ਹਾਂ ਠੱਗਾਂ ਦਾ ਆਸਾਨੀ ਨਾਲ ਸ਼ਿਕਾਰ ਬਣਦੇ ਹਨ।
ਇਸ ਤਰ੍ਹਾਂ ਦੀ ਠੱਗੀ ਤੋਂ ਕਿਵੇਂ ਬਚਿਆ ਜਾ ਸਕਦਾ
- ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ।
- ਇੰਟਰਨੈੱਟ ਮੀਡੀਆ ਜਾਂ ਵਟਸਐਪ ’ਤੇ ਮਿਲੇ ਦਵਾਈ ਦੇ ਆਫਰ ’ਤੇ ਭਰੋਸਾ ਨਾ ਕਰੋ।
- ਸਿਰਫ਼ ਅਧਿਕਾਰਤ ਅਤੇ ਜਾਣੀ-ਪਛਾਣੀ ਫਾਰਮੇਸੀ ਤੋਂ ਹੀ ਦਵਾਈਆਂ ਖਰੀਦੋ।
- ਕਦੇ ਵੀ ਓਟੀਪੀ, ਯੂਪੀਆਈ ਪਿਨ ਜਾਂ ਬੈਂਕ ਡਿਟੇਲ ਸਾਂਝਾ ਨਾ ਕਰੋ।
- ਸ਼ੱਕ ਹੋਣ ’ਤੇ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰੋ।
- ਫਰਜ਼ੀ ਵੈੱਬਸਾਈਟ ਦੀ ਜਾਣਕਾਰੀ ਸਾਈਬਰ ਕ੍ਰਾਈਮ ਪੋਰਟਲ ’ਤੇ ਦਿਓ।
------
ਹਰ ਕਿਸਮ ਦੀ ਦਵਾਈ ਕੋਈ ਵੀ ਆਨਲਾਈਨ ਸਸਤੀ ਨਹੀਂ ਮਿਲਦੀ। ਜੇਨੇਰਿਕ ਦਵਾਈਆਂ ਦੀ ਕੀਮਤ ਕਾਫੀ ਘੱਟ ਹੈ ਪਰ ਮਹਿੰਗੇ ਭਾਅ ’ਤੇ ਮਿਲਦੀਆਂ ਹਨ, ਐਥੀਕਲ ਕਾਫੀ ਮਹਿੰਗੀਆਂ ਹਨ। ਆਮ ਆਦਮੀ ਨੂੰ ਪਤਾ ਨਹੀਂ ਹੁੰਦਾ ਕਿ ਦਵਾਈ ਐਥੀਕਲ ਹੈ ਜਾਂ ਜੇਨੇਰਿਕ, ਜਿਸ ਕਾਰਨ ਲੋਕ ਫਰਜ਼ੀ ਮੈਸੇਜ ਦੇ ਚੱਕਰ ’ਚ ਫਸ ਜਾਂਦੇ ਹਨ। ਕੋਈ ਵੀ ਕੰਪਨੀ ਆਨਲਾਈਨ ਐਥੀਕਲ ਦਵਾਈ ਅੱਧੇ ਭਾਅ ’ਤੇ ਨਹੀਂ ਦੇ ਸਕਦੀ। ਜੇਨੇਰਿਕ ਕਿਤੋਂ ਵੀ ਸਸਤੀ ਮਿਲਦੀ ਹੈ। ਲੋਕ ਫਰਜ਼ੀ ਮੈਸੇਜ ਦੇ ਚੱਕਰ ’ਚ ਨਾ ਫਸ ਕੇ ਜਾਣੇ-ਪਛਾਣੇ ਦਵਾਈ ਵਿਕਰੇਤਾ ਦੇ ਕੋਲ ਜਾਣ।
ਅੱਪਣ ਕੰਬੋਜ, ਦਵਾਈ ਮਾਹਰ।