ਵਿਆਹ ਸਮਾਗਮ ਖ਼ਤਮ ਹੋਣ ਮਗਰੋਂ ਰਾਤ ਕਰੀਬ 1.30 ਵਜੇ ਜਦੋਂ ਨਰਿੰਦਰ ਕੁਮਾਰ ਅਤੇ ਸੁਖਵਿੰਦਰ ਸਿੰਘ ਦੋ ਹੋਰ ਵੇਟਰਾਂ ਸਮੇਤ ਐਕਟਿਵਾ 'ਤੇ ਸਵਾਰ ਹੋ ਕੇ ਘਰ ਨੂੰ ਪਰਤ ਰਹੇ ਸਨ ਤਾਂ ਦੁਰਗਾ ਭੋਗ ਵੇਸਣ ਫੈਕਟਰੀ ਕਾਲਾ ਮੰਝ ਦੇ ਸਾਹਮਣੇ ਸਰਵਿਸ ਰੋਡ 'ਤੇ ਭੰਗਾਲਾ ਚੁੰਗੀ ਵੱਲੋਂ ਗ਼ਲਤ ਪਾਸੇ ਤੋਂ ਆ ਰਹੀ ਸਫ਼ੇਦ ਰੰਗ ਦੀ ਹੁੰਡਾਈ ਵੈਨਿਊ ਕਾਰ ਦੇ ਚਾਲਕ ਨੇ ਤੇਜ਼ ਗਤੀ ਤੇ ਲਾਪਰਵਾਹੀ ਨਾਲ ਐਕਟਿਵਾ ਨੂੰ ਸਾਹਮਣੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ।

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਬੀਤੀ ਰਾਤ ਮੁਕੇਰੀਆਂ ਵਿਖੇ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ਦੇ ਸਰਵਿਸ ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਐਕਟਿਵਾ ਸਵਾਰ 4 ਜਣਿਆਂ ਦੀ ਮੌਤ ਹੋ ਜਾਣ ਦੀ ਦੁੱਖਦ ਖ਼ਬਰ ਹੈ। ਮ੍ਰਿਤਕਾਂ ਵਿੱਚ ਦੋ ਪ੍ਰਵਾਸੀ ਮਜ਼ਦੂਰ ਹਨ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਕੇਸ਼ ਕੁਮਾਰ ਪੁੱਤਰ ਪ੍ਰੀਤਮ ਲਾਲ ਵਾਸੀ ਕਾਲਾ ਮੰਝ ਗੇਟ ਮੁਕੇਰੀਆਂ ਨੇ ਦੱਸਿਆ ਕਿ 2 ਫਰਵਰੀ ਨੂੰ ਉਸਦਾ ਛੋਟਾ ਭਰਾ ਨਰਿੰਦਰ ਕੁਮਾਰ (24) ਜੋ ਹਲਵਾਈ ਦਾ ਕੰਮ ਕਰਦਾ ਸੀ ਆਪਣੇ ਹਲਵਾਈ ਸਾਥੀ ਸੁਖਵਿੰਦਰ ਸਿੰਘ (40) ਪੁੱਤਰ ਅਮਰ ਨਾਥ ਨਾਲ ਮੁਕੇਰੀਆਂ ਦੇ ਇੱਕ ਪੈਲਸ ਵਿਖੇ ਵਿਆਹ ਦੇ ਪ੍ਰੋਗਰਾਮ ਵਿੱਚ ਕੰਮ ਕਰਨ ਲਈ ਐਕਟਿਵਾ 'ਤੇ ਸਵਾਰ ਹੋ ਕੇ ਗਏ ਸਨ।
ਵਿਆਹ ਸਮਾਗਮ ਖ਼ਤਮ ਹੋਣ ਮਗਰੋਂ ਰਾਤ ਕਰੀਬ 1.30 ਵਜੇ ਜਦੋਂ ਨਰਿੰਦਰ ਕੁਮਾਰ ਅਤੇ ਸੁਖਵਿੰਦਰ ਸਿੰਘ ਦੋ ਹੋਰ ਵੇਟਰਾਂ ਸਮੇਤ ਐਕਟਿਵਾ 'ਤੇ ਸਵਾਰ ਹੋ ਕੇ ਘਰ ਨੂੰ ਪਰਤ ਰਹੇ ਸਨ ਤਾਂ ਦੁਰਗਾ ਭੋਗ ਵੇਸਣ ਫੈਕਟਰੀ ਕਾਲਾ ਮੰਝ ਦੇ ਸਾਹਮਣੇ ਸਰਵਿਸ ਰੋਡ 'ਤੇ ਭੰਗਾਲਾ ਚੁੰਗੀ ਵੱਲੋਂ ਗ਼ਲਤ ਪਾਸੇ ਤੋਂ ਆ ਰਹੀ ਸਫ਼ੇਦ ਰੰਗ ਦੀ ਹੁੰਡਾਈ ਵੈਨਿਊ ਕਾਰ ਦੇ ਚਾਲਕ ਨੇ ਤੇਜ਼ ਗਤੀ ਤੇ ਲਾਪਰਵਾਹੀ ਨਾਲ ਐਕਟਿਵਾ ਨੂੰ ਸਾਹਮਣੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਨਰਿੰਦਰ ਕੁਮਾਰ ਕਾਰ ਦੇ ਬੋਨਟ ਉੱਤੇ, ਸੁਖਵਿੰਦਰ ਸਿੰਘ ਕਾਰ ਦੇ ਅਗਲੇ ਸ਼ੀਸ਼ੇ ਅਤੇ ਬਾਕੀ ਦੇ ਦੋ ਜਣੇ ਕਾਰ ਦੇ ਅਗਲੇ ਪਾਸੇ ਫਸ ਗਏ। ਉਪਰੰਤ ਕਾਰ ਤੇਜ਼ੀ ਨਾਲ ਇੱਕ ਪਾਸੇ ਖੜ੍ਹੇ ਟਰੱਕ ਦੇ ਪਿਛਲੇ ਪਾਸੇ ਜਾ ਟਕਰਾਈ। ਹਾਦਸੇ ਵਿੱਚ ਐਕਟਿਵਾ ਸਵਾਰ ਚਾਰੋਂ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਨਰਿੰਦਰ ਕੁਮਾਰ ਤੇ ਸੁਖਵਿੰਦਰ ਸਿੰਘ ਤੋਂ ਇਲਾਵਾ ਬਾਕੀ ਦੋ ਮ੍ਰਿਤਕਾਂ ਦੀ ਪਛਾਣ ਵਿਵਧ ਸ਼ਾਹੂ (46) ਪੁੱਤਰ ਮੁਕਤ ਸ਼ਾਹੂ ਅਤੇ ਮਿਥੁਨ ਮੰਡਲ (37) ਪੁੱਤਰ ਰਾਮ ਪ੍ਰਵੇਸ਼ ਮੰਡਲ ਵਾਸੀ ਪਘਾੜੀ ਥਾਣਾ ਬੈਹਰੀ ਜ਼ਿਲ੍ਹਾ ਦਰਭੰਗਾ ਬਿਹਾਰ, ਹਾਲ ਵਾਸੀ ਅਮਰੀਕ ਨਗਰ ਜਲੰਧਰ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ ਤੇ ਐਂਬੂਲੈਂਸ ਦੀ ਸਹਾਇਤਾ ਨਾਲ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਪਹੁੰਚਾਇਆ।
ਥਾਣਾ ਮੁਕੇਰੀਆਂ ਪੁਲਿਸ ਵੱਲੋਂ ਹਾਦਸਾਗ੍ਰਸਤ ਵਾਹਨ ਕਬਜ਼ੇ ਵਿੱਚ ਲੈਣ ਉਪਰੰਤ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।