ਮੋਟਰਸਾਈਕਲ ਕਾਰ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ
ਮੋਟਰਸਾਈਕਲ ਕਾਰ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ
Publish Date: Sat, 21 Mar 2026 04:09 PM (IST)
Updated Date: Sat, 21 Mar 2026 04:13 PM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਗੜਸ਼ੰਕਰ ਚੰਡੀਗੜ੍ਹ ਰੋਡ 'ਤੇ ਸਥਿਤ ਅੱਡਾ ਚੱਕਫੁੱਲੂ ਵਿਖੇ ਸ਼ਨਿੱਚਰਵਾਰ ਸਵੇਰੇ ਕਰੀਬ 11 ਵਜੇ ਇੱਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਦਿਲਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸਮੁੰਦੜਾ ਥਾਣਾ ਗੜਸ਼ੰਕਰ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੜਸ਼ੰਕਰ ਵਾਲੇ ਪਾਸਿਓਂ ਆਪਣੇ ਪਿੰਡ ਵੱਲ ਜਾ ਰਿਹਾ ਸੀ। ਜਦ ਉਹ ਅੱਡਾ ਚੱਕਫੁੱਲੂ ਵਿਖੇ ਪਹੁੰਚਿਆ ਤਾਂ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਵਿਚਕਾਰ ਆਹਮੋਂ ਸਾਹਮਣੇ ਟੱਕਰ ਹੋ ਗਈ ਅਤੇ ਸਵਿੱਫਟ ਕਾਰ ਸੜਕ 'ਤੇ ਸਥਿਤ ਘਰ ਦੀ ਕੰਧ ਨਾਲ ਜਾ ਟਕਰਾਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਘਰ ਦੀ ਚਾਰਦੀਵਾਰੀ ਨੂੰ ਵੀ ਨੁਕਸਾਨ ਪਹੁੰਚਿਆ। ਮੌਕੇ 'ਤੇ ਇਕੱਤਰ ਹੋਏ ਲੋਕਾਂ ਵੱਲੋਂ ਦਿਲਪ੍ਰੀਤ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਵੱਲੋਂ ਉਸਦੀ ਹਾਲਤ ਨੂੰ ਵੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ। ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਕਾਰ ਚਾਲਕ ਦਾ ਬਚਾਅ ਰਿਹਾ।