ਰੰਧਾਵਾ ਖੁਦਕੁਸ਼ੀ ਮਾਮਲੇ ’ਚ ਕੱਢਿਆ ਵਿਸ਼ਾਲ ਕੈਂਡਲ ਮਾਰਚ
ਡੀ ਐਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲਾ:
Publish Date: Tue, 24 Mar 2026 03:59 PM (IST)
Updated Date: Tue, 24 Mar 2026 04:01 PM (IST)

- ਭਗਵੰਤ ਮਾਨ ਸਰਕਾਰ ਨੂੰ ਲੋਕ ਇਤਿਹਾਸ ’ਚ ਬੇਗੁਨਾਹ ਮੁਲਾਜ਼ਮਾਂ ਦੀਆਂ ਬਲੀਆਂ ਲੈਣ ਵਾਲੀ ਖੂਨੀ ਸਰਕਾਰ ਵਜੋਂ ਯਾਦ ਰੱਖਣਗੇ : ਆਦੀਆ ਕਮਲ, ਪੰਜਾਬੀ ਜਾਗਰਣ, ਹਰਿਆਣਾ : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਅਰ ਹਾਊਸ ਦੇ ਡੀਐਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੇ ਵਿਰੋਧ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਭੂੰਗਾ ਵਿਖੇ ਹਲਕਾ ਸ਼ਾਮ ਚੌਰਾਸੀ ਦੇ ਸਾਬਕਾ ਵਿਧਾਇਕ ਪਵਨ ਆਦੀਆ ਦੀ ਅਗਵਾਈ ’ਚ ਵਿਸ਼ਾਲ ਕੈਡਲ ਮਾਰਚ ਕੱਢਿਆ ਗਿਆ, ਜਿਸ ’ਚ ਇਲਾਕੇ ਦੇ ਲੋਕਾਂ ਨੇ ਇਸ ਖੁਦਕੁਸ਼ੀ ਮਾਮਲੇ ਲਈ ਭਗਵੰਤ ਮਾਨ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਕੈਡਲ ਮਾਰਚ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਵੱਲੋਂ ਸਰਕਾਰੀ ਤਾਕਤ ਦੇ ਨਸ਼ੇ ਵਿੱਚ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਵੇਅਰਹਾਊਸ ਦੇ ਟੈਂਡਰ ਦੀ ਆਪਣੇ ਪਰਿਵਾਰ ਲਈ ਮੰਗ ਕਰਨਾ ਤੇ ਟੈਂਡਰ ਨਾ ਮਿਲਣ ਦੀ ਸੂਰਤ ’ਚ ਇਮਾਨਦਾਰ ਡੀ ਐਮ ਗਗਨਦੀਪ ਸਿੰਘ ਰੰਧਾਵਾ ਨੂੰ ਘਰ ਸੱਦ ਕੇ ਜ਼ਲੀਲ ਕਰਨਾ ਤੇ ਮਾਰਕੁੱਟ ਇਹ ਸਾਬਿਤ ਕਰਦਾ ਹੈ ਕਿ ਆਮ ਘਰਾਂ ਦੇ ਕਾਕਿਆਂ ਦੀ ਦੁਹਾਈ ਦੇ ਕੇ ਪੰਜਾਬ ਵਿੱਚ ਆਪ ਸਰਕਾਰ ਦਾ ਗਠਨ ਕਰਨ ਵਾਲੀ ਪਾਰਟੀ ਦੇ ਆਗੂ ਧੰਨ ਦੌਲਤ ਇਕੱਠਾ ਕਰਨ ਅਤੇ ਆਪਣੇ ਕਾਰੋਵਾਰ ਪ੍ਰਫੁਲਿਤ ਲਈ ਆਪਣੇ ਸੰਵਿਧਾਨਕ ਆਹੁਦਿਆਂ ਦੀ ਕਿਵੇਂ ਦੁਰਵਰਤੋਂ ਕਰ ਰਹੇ ਹਨ। ਭਗਵੰਤ ਮਾਨ ਸਰਕਾਰ ਨੂੰ ਲੋਕ ਇਤਿਹਾਸ ਵਿੱਚ ਬੇਗੁਨਾਹ ਮੁਲਾਜ਼ਮਾਂ ਤੇ ਬੇਰੁਜ਼ਗਾਰਾਂ ਦੀਆ ਬਲੀਆਂ ਲੈਣ ਵਾਲੀ ਬੁੱਚੜ ਤੇ ਘਟੀਆ ਸਰਕਾਰ ਵਜੋਂ ਯਾਦ ਰੱਖਣਗੇ। ਪਹਿਲਾਂ ਵੀ ਲਾਲਜੀਤ ਭੁੱਲਰ ਕੱਚੇ ਰੁਜ਼ਗਾਰ ਦੀ ਮੰਗ ਕਰਨ ਵਾਲੇ ਪੀ ਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕਾਮਿਆਂ ਉੱਤੇ ਝੂਠੇ ਪੁਲਿਸ ਪਰਚੇ ਕਰਵਾ ਕੇ ਉਨ੍ਹਾਂ ਨੂੰ ਨਵੰਬਰ 25 ਤੋਂ ਜੇਲ੍ਹ ਭੇਜ ਚੁੱਕਾ ਹੈ, ਜਿਨ੍ਹਾਂ ਦੀ ਆਪ ਸਰਕਾਰ ਵੱਲੋਂ ਅਜੇ ਤੱਕ ਜ਼ਮਾਨਤ ਮਨਜ਼ੂਰ ਨਹੀਂ ਕੀਤੀ ਗਈ ਹੈ। ਪੰਜਾਬ ਦੀ ਸਮੁੱਚੀ ਮੁਲਾਜ਼ਮ ਜਮਾਤ ਪਿਛਲੇ 4 ਸਾਲਾਂ ਤੋਂ ਆਪਣੀਆ ਮੰਗਾਂ ਦੀ ਪੂਰਤੀ ਲਈ ਸੜਕਾਂ ‘ਤੇ ਰੁੱਲ ਰਹੀ ਹੈ ਤੇ ਆਪ ਸਰਕਾਰ ਆਪਣੇ ਹੀ ਮੁਲਾਜ਼ਮਾਂ ਦੀ ਕੋਈ ਵੀ ਗੱਲ ਸੁਨਣ ਦੀ ਬਜਾਏ, ਉਨ੍ਹਾਂ ਨੂੰ ਪਾਣੀ ਦੀਆ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਅਤੇ ਪੁਲਿਸ ਦੀਆਂ ਡਾਗਾਂ ਦੇ ਤੋਹਫਿਆਂ ਨਾਲ ਨਿਵਾਜ ਕੇ ਸਮਾਜਿਕ ਤੇ ਮਾਨਸਿਕ ਤੌਰ ‘ਤੇ ਜ਼ਲੀਲ ਕਰ ਰਹੀ ਹੈ। ਭਾਂਵੇ ਜਨਤਕ ਦਬਾਅ ਕਾਰਨ ਆਪ ਸਰਕਾਰ ਦਾ ਕੈਬਨਿਟ ਮੰਤਰੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਪਰ ਜਿੰਨਾ ਚਿਰ ਇੱਕ ਇਮਾਨਦਾਰ ਤੇ ਕਾਬਿਲ ਅਫਸਰ ਦੀ ਬਲੀ ਲੈਣ ਵਾਲੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਮਿਲ ਜਾਂਦੀ, ਉਨ੍ਹਾਂ ਚਿਰ ਡੀਐਮ ਗਗਨਦੀਪ ਰੰਧਾਵਾ ਦੇ ਪਰਿਵਾਰ ਦੇ ਹੱਕ ’ਚ ਜਨਤਕ ਸਘੰਰਸ਼ ਜਾਰੀ ਰੱਖਿਆ ਜਾਵੇਗਾ।