ਭਾਜਪਾ ਨੇ ਲਾਲਜੀਤ ਭੁੱਲਰ ਦਾ ਪੁਤਲਾ ਫੂਕਿਆ
ਆਪ ਵਿਧਾਇਕ ਲਾਲਜੀਤ ਭੁੱਲਰ ਦਾ ਭਾਜਪਾ ਵੱਲੋਂ ਪੁਤਲਾ ਫੂਕਿਆ, ਡਾ. ਰੰਧਾਵਾ ਸੁਸਾਈਡ ਮਾਮਲੇ ‘ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Publish Date: Mon, 23 Mar 2026 04:57 PM (IST)
Updated Date: Tue, 24 Mar 2026 04:02 AM (IST)

ਡਾ. ਰੰਧਾਵਾ ਸੁਸਾਈਡ ਮਾਮਲੇ ‘ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਜ਼ਿਲ੍ਹਾ ਪ੍ਰਧਾਨ ਨਿਪੁਣ ਸ਼ਰਮਾ ਦੀ ਅਗਵਾਈ ਹੇਠ ਡਾ. ਗਗਨਦੀਪ ਸਿੰਘ ਰੰਧਾਵਾ ਦੇ ਸੁਸਾਈਡ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਖ਼ਿਲਾਫ਼ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਿਪੁਣ ਸ਼ਰਮਾ ਨੇ ਕਿਹਾ ਕਿ ਡਾ. ਗਗਨਦੀਪ ਸਿੰਘ ਵੱਲੋਂ ਬਣਾਈ ਕਥਿਤ ਸੁਸਾਈਡ ਵੀਡੀਓ ਵਿੱਚ ਸਪੱਸ਼ਟ ਤੌਰ ‘ਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਪੀਏ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਵਲ ਭੁੱਲਰ ਦਾ ਅਸਤੀਫਾ ਮਨਜ਼ੂਰ ਕਰਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੱਲੋਂ ਹੋਰ ਸੀਨੀਅਰ ਆਗੂਆਂ ਨਾਲ ਮਿਲ ਕੇ ਥਾਣੇ ਦੇ ਬਾਹਰ ਧਰਨਾ ਦੇਣ ਤੋਂ ਬਾਅਦ ਹੀ ਪੁਲਿਸ ਨੇ ਭੁੱਲਰ, ਉਸ ਦੇ ਪਿਤਾ ਅਤੇ ਪੀਏ ਖ਼ਿਲਾਫ਼ ਮਾਮਲਾ ਦਰਜ ਕੀਤਾ, ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ਼ ਦਿਵਾਉਣ ਲਈ 23 ਮਾਰਚ ਨੂੰ ਸੂਬਾ ਪੱਧਰ ‘ਤੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਤਹਿਤ ਹੁਸ਼ਿਆਰਪੁਰ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦੇਸ਼ ਉਪ ਪ੍ਰਧਾਨ ਬੀਬੀ ਮਹਿੰਦਰ ਕੌਰ ਜੋਸ਼ ਨੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਕਥਿਤ ਤੌਰ ‘ਤੇ ਬੇਹੱਦ ਖਰਾਬ ਹੈ ਅਤੇ ਸਰਕਾਰੀ ਅਧਿਕਾਰੀਆਂ ‘ਤੇ ਗਲਤ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਦਬਾਅ ਨਹੀਂ ਮੰਨਦੇ, ਉਨ੍ਹਾਂ ਨੂੰ ਹੇਠਾਂ ਲਾਇਆ ਜਾਂਦਾ ਹੈ, ਜਿਸ ਕਾਰਨ ਡਾ. ਰੰਧਾਵਾ ਵਰਗੇ ਇਮਾਨਦਾਰ ਅਧਿਕਾਰੀ ਅੰਤ ਵਿੱਚ ਅਜਿਹੇ ਕਦਮ ਚੁੱਕਣ ‘ਤੇ ਮਜਬੂਰ ਹੋ ਜਾਂਦੇ ਹਨ। ਇਸ ਮੌਕੇ ਪ੍ਰਦੇਸ਼ ਸਕੱਤਰ ਮੀਨੂ ਸੇਠੀ ਨੇ ਕਿਹਾ ਕਿ ਪਹਿਲਾਂ ਵੀ ਕਈ ਮਾਮਲਿਆਂ ਨੂੰ ਦਬਾਇਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਵੀ ਸਰਕਾਰ ਦੀ ਭੂਮਿਕਾ ਸ਼ੱਕ ਦੇ ਘੇਰੇ ‘ਚ ਹੈ। ਉਨ੍ਹਾਂ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਵੱਧ ਰਹੀਆਂ ਅਪਰਾਧਕ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਸਰਕਾਰ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਨਾਕਾਮ ਰਹੀ ਹੈ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਲਾਲਜੀਤ ਸਿੰਘ ਭੁੱਲਰ ਦੀ ਕਾਰਗੁਜ਼ਾਰੀ ਦਬਾਅ ਅਤੇ ਤਾਨਾਸ਼ਾਹੀ ਰਵੱਈਏ ਨੂੰ ਦਰਸਾਉਂਦੀ ਹੈ, ਜਿਸ ਕਾਰਨ ਇੱਕ ਇਮਾਨਦਾਰ ਅਧਿਕਾਰੀ ਨੂੰ ਆਪਣੀ ਜਾਨ ਗੁਆਉਣੀ ਪਈ। ਉਨ੍ਹਾਂ ਕਿਹਾ ਕਿ ਇਹ ਘਟਨਾ ਪ੍ਰਸ਼ਾਸਨਿਕ ਢਾਂਚੇ ‘ਤੇ ਸਿੱਧਾ ਹਮਲਾ ਹੈ। ਇਸ ਮੌਕੇ ਸੁਰੇਸ਼ ਭਾਟੀਆ, ਬਿੰਦੂਸਾਰ ਸ਼ੁਕਲਾ, ਅਸ਼ਵਨੀ ਗੈਂਦ, ਐਡਵੋਕੇਟ ਡੀ.ਐਸ. ਬਾਗੀ, ਯਸ਼ਪਾਲ ਸ਼ਰਮਾ, ਕੁਲਵੰਤ ਕੌਰ, ਕੌਂਸਲਰ ਨਰਿੰਦਰ ਕੌਰ, ਕੌਂਸਲਰ ਗੁਰਪ੍ਰੀਤ ਕੌਰ, ਤ੍ਰਿਸ਼ਲਾ ਸ਼ਰਮਾ, ਬਿੰਦੂ, ਸੁਨੀਤਾ, ਅਰਚਨਾ ਵਰਮਾ, ਅੰਜਨਾ ਸ਼ਰਮਾ, ਜਸਵੰਤ ਕੌਰ, ਅਮਰਜੀਤ ਸਿੰਘ ਲਾਡੀ, ਮਨੋਜ ਸ਼ਰਮਾ, ਡਾ. ਪੰਕਜ ਸ਼ਰਮਾ, ਰਾਜਾ ਸੈਨੀ, ਚਿੰਟੂ ਹੰਸ, ਤਰਸੇਮ ਮੋਦਗਿਲ, ਮਨਜਿੰਦਰ ਸਿੰਘ ਸਿਆਣ, ਪ੍ਰੇਮ ਬਜਾਜ, ਅਕਸ਼ੈ ਵਸ਼ਿਸ਼ਠ, ਯਸ਼ੁ ਜੈਨ, ਅਰੁਣੇਸ਼ ਕਪੂਰ, ਤਜਿੰਦਰ ਸਿੰਘ, ਗੌਰਵ ਸ਼ਰਮਾ, ਸ਼ਸ਼ੀ ਵਢੇਰਾ, ਗਗਨਦੀਪ ਸੈਨੀ, ਕਾਕੂ ਰੇਵੜੀ, ਵਰੁਣ ਪੰਡਿਤ, ਦਿਲਬਾਗ ਬਾਗੀ, ਪੰ. ਓਂਕਾਰਨਾਥ ਸ਼ਰਮਾ, ਤੁਸ਼ੇ ਸੂਦ, ਗੋਬਿੰਦ ਰਾਇ, ਸੁਦਾਮਾ, ਸ਼ਿਵ ਪ੍ਰਕਾਸ਼, ਲਵਲੀ ਕੁਮਾਰ, ਸੱਨੀ ਸ਼ਰਮਾ, ਸੋਨੂ ਪੰਡਿਤ, ਦੀਪਕ ਕੁਮਾਰ, ਸੂਰਿਆੰਸ਼ ਮਿੱਤਲ, ਪਰਮਜੋਤ ਸਿੰਘ, ਖੁਸ਼ਹਾਦ, ਲਕਸ਼, ਤਰੁਣ ਸ਼ਰਮਾ, ਕਮਜੋਤ ਸਿੰਘ ਅਤੇ ਸਾਕੇਤ ਆਦਿ ਹਾਜ਼ਰ ਸਨ।