ਨਸ਼ਾ ਤਸਕਰੀ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਨਸ਼ੀਲੇ ਪਦਾਰਥਾਂ ਸਮੇਤ ਦੋ ਨੌਜਵਾਨ ਕਾਬੂ
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਅਧੀਨ ਮਾਮਲੇ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 18 Apr 2026 11:00 AM (IST)
Updated Date: Sat, 18 Apr 2026 11:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਅਧੀਨ ਮਾਮਲੇ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੱਬੇਵਾਲ ’ਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਚੱਬੇਵਾਲ ਥਾਣਾ ਪੁਲਿਸ ਨੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐੱਸ.ਆਈ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਸਰਕਾਰੀ ਗੱਡੀ ਵਿੱਚ ਭੈੜੇ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪਿੰਡ ਲਹਿਲੀ ਖੁਰਦ ਵੱਲ ਜਾਂਦੇ ਸਮੇਂ ਇੱਕ ਮੋਨਾ ਨੌਜਵਾਨ ਪੁਲਿਸ ਗੱਡੀ ਨੂੰ ਦੇਖ ਕੇ ਪਿੱਛੇ ਮੁੜਨ ਲੱਗ ਪਿਆ।
ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ, ਜਿਸ ਨੇ ਆਪਣਾ ਨਾਮ ਸੰਨੀ ਪੁੱਤਰ ਅਵਤਾਰ ਸਿੰਘ ਵਾਸੀ ਸਿੰਘਪੁਰ, ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਕਥਿਤ ਤੌਰ ’ਤੇ 36 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਦਸੂਹਾ ਪੁਲਿਸ ਨੇ ਸਰਿੰਜ ਸਮੇਤ ਨੌਜਵਾਨ ਨੂੰ ਕੀਤਾ ਕਾਬੂ
ਦਸੂਹਾ ਥਾਣਾ ਪੁਲਿਸ ਨੇ ਵੀ ਵੱਖਰੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਲੇਡੀ ਐਸ.ਆਈ ਮਨਜੋਤ ਕੌਰ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਗਰਨਾ ਸਾਹਿਬ ਵੱਲ ਜਾ ਰਹੀ ਸੀ।
ਧਰਮਪੁਰਾ ਬੱਸ ਸਟਾਪ ਨੇੜੇ ਇੱਕ ਨੌਜਵਾਨ ਬੱਸ ਅੱਡੇ ਅੰਦਰ ਕਥਿਤ ਤੌਰ ’ਤੇ ਆਪਣੀ ਬਾਂਹ ਵਿੱਚ ਸਰਿੰਜ ਲਗਾਈ ਹੋਈ ਬੈਠਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੂੰ ਵੇਖ ਕੇ ਉਸ ਨੇ ਸਰਿੰਜ ਕੱਢ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਪੁਲਿਸ ਮੁਤਾਬਕ ਉਸ ਦੀ ਪਛਾਣ ਵਿਜੇ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਕਲਿਆਣਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਪੁਲਿਸ ਦੀ ਚਿਤਾਵਨੀ
ਪੁਲਿਸ ਨੇ ਕਿਹਾ ਕਿ ਨਸ਼ਾ ਤਸਕਰੀ ਅਤੇ ਸੇਵਨ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।