ਦਸੂਹਾ ਪੁਲਿਸ ਵੱਲੋਂ ਗੈਸ ਚੋਰੀ ਦੇ ਰੈਕੇਟ ਦਾ ਪਰਦਾਫਾਸ਼, 2 ਮੁਲਜ਼ਮ ਗ੍ਰਿਫ਼ਤਾਰ
ਦਸੂਹਾ ਪੁਲਿਸ ਵੱਲੋਂ ਗੈਸ ਚੋਰੀ ਦੇ ਰੈਕੇਟ ਦਾ ਪਰਦਾਫਾਸ਼; 02 ਮੁਲਜ਼ਮ ਗ੍ਰਿਫ਼ਤਾਰ
Publish Date: Thu, 09 Apr 2026 03:02 PM (IST)
Updated Date: Fri, 10 Apr 2026 03:59 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਪੁਲਿਸ ਨੇ ਗੈਸ ਟੈਂਕਰਾਂ ਵਿੱਚੋਂ ਨਾਜਾਇਜ਼ ਢੰਗ ਨਾਲ ਗੈਸ ਕੱਢ ਕੇ ਵੇਚਣ ਵਾਲੇ ਇੱਕ ਕਥਿਤ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਸ਼ਿਨ੍ਹਮਾਰ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ। ਪੁਲਿਸ ਅਨੁਸਾਰ, ਡੀਐਸਪੀ ਦਸੂਹਾ ਸ੍ਰੀ ਬਲਵਿੰਦਰ ਸਿੰਘ ਜੌੜਾ ਦੀਆਂ ਹਦਾਇਤਾਂ ’ਤੇ ਥਾਣਾ ਦਸੂਹਾ ਦੇ ਮੁੱਖ ਅਫਸਰ ਇੰਸਪੈਕਟਰ ਅਮਰਜੀਤ ਕੌਰ ਦੀ ਨਿਗਰਾਨੀ ਹੇਠ ਐਸਆਈ ਗੁਰਬਚਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਰਦੁਆਰਾ ਟੱਕਰ ਸਾਹਿਬ ਨੇੜੇ ਗਰਾਊਂਡ ਵਿੱਚ ਛਾਪੇਮਾਰੀ ਕੀਤੀ। ਛਾਪੇ ਦੌਰਾਨ ਉੱਥੇ ਖੜ੍ਹੇ ਐਚਪੀ ਗੈਸ ਦੇ ਦੋ ਟੈਂਕਰ (ਨੰਬਰ ਐਨਐਲ-01-ਏਏ-2284 ਅਤੇ ਐਨਐਲ-01-ਏਏ-2230) ਵਿੱਚੋਂ ਡਰਾਈਵਰ ਕਥਿਤ ਤੌਰ ’ਤੇ ਨਾਜਾਇਜ਼ ਤਰੀਕੇ ਨਾਲ ਗੈਸ ਕੱਢ ਕੇ ਘਰੇਲੂ ਸਿਲੰਡਰਾਂ ਵਿੱਚ ਭਰਦੇ ਪਾਏ ਗਏ। ਪੁਲਿਸ ਮੁਤਾਬਕ ਇਹ ਕਾਰਵਾਈ ਬਹੁਤ ਖਤਰਨਾਕ ਸੀ ਅਤੇ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਸੀ। ਮੌਕੇ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਨਦੀਪ ਸਿੰਘ ਪੁੱਤਰ ਅਜੈਬ ਸਿੰਘ ਅਤੇ ਤਰਲੋਚਨ ਸਿੰਘ ਪੁੱਤਰ ਗੁਰਮੇਲ ਸਿੰਘ, ਦੋਵੇਂ ਨਿਵਾਸੀ ਦਸੂਹਾ, ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲੋਂ ਦੋ ਸਿਲੰਡਰ ਵੀ ਕਥਿਤ ਤੌਰ ’ਤੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਦੋਵਾਂ ਦੇ ਖ਼ਿਲਾਫ ਮੁਕੱਦਮਾ ਨੰਬਰ 70 ਭਾਰਤੀ ਨਿਆਏ ਸੰਹਿਤਾ, ਜ਼ਰੂਰੀ ਵਸਤੂਆਂ ਐਕਟ ਅਤੇ ਤਰਲ ਪੈਟਰੋਲੀਅਮ ਗੈਸ (ਸਪਲਾਈ ਅਤੇ ਵੰਡ) ਆਰਡਰ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਦਸੂਹਾ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਵਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।