- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਂਡਾ ਇਲਾਕੇ ’ਚ ਦਿਨੋ-ਦਿਨ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਠੱਗ ਟੋਲਿਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਬਜ਼ੁਰਗ ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਮੱਕੜ ਜਾਲ ’ਚ ਫਸਾ ਕੇ ਵੱਡੀਆਂ-ਵੱਡੀਆਂ ਠੱਗੀਆਂ ਤੇ ਲੁੱਟਾਂ-ਖੋਹਾਂ ਕੀਤੀਆਂ ਜਾ ਰਹੀਆਂ ਹਨ। ਅੱਜਕੱਲ੍ਹ ਟਾਂਡਾ ਇਲਾਕੇ ’ਚ ਇੱਕ ਔਰਤ ਵਲੋਂ ਆਪਣੇ 2 ਮਰਦ ਸਾਥੀਆਂ ਨਾਲ ਮਿਲ ਕੇ ਬਣਾਇਆ ਲੁਟੇਰਾ ਗਿਰੋਹ ਪੂਰੀ ਤਰਾਂ ਸਰਗਰਮ ਹੈ, ਜੋ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇ ਰਹੇ ਹਨ।

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ। ਟਾਂਡਾ ਇਲਾਕੇ ’ਚ ਦਿਨੋ-ਦਿਨ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਅਤੇ ਠੱਗ ਟੋਲਿਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਬਜ਼ੁਰਗ ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਮੱਕੜ ਜਾਲ ’ਚ ਫਸਾ ਕੇ ਵੱਡੀਆਂ-ਵੱਡੀਆਂ ਠੱਗੀਆਂ ਤੇ ਲੁੱਟਾਂ-ਖੋਹਾਂ ਕੀਤੀਆਂ ਜਾ ਰਹੀਆਂ ਹਨ। ਅੱਜਕੱਲ੍ਹ ਟਾਂਡਾ ਇਲਾਕੇ ’ਚ ਇੱਕ ਔਰਤ ਵਲੋਂ ਆਪਣੇ 2 ਮਰਦ ਸਾਥੀਆਂ ਨਾਲ ਮਿਲ ਕੇ ਬਣਾਇਆ ਲੁਟੇਰਾ ਗਿਰੋਹ ਪੂਰੀ ਤਰਾਂ ਸਰਗਰਮ ਹੈ, ਜੋ ਬਜ਼ੁਰਗ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇ ਰਹੇ ਹਨ।
ਇਸ ਔਰਤ ਲੁਟੇਰਾ ਗਿਰੋਹ ਵਲੋਂ ਇੱਕ ਬਜ਼ੁਰਗ ਵਿਅਕਤੀ ਨਾਲ ਕੀਤੀ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ, ਜਿਸ ’ਚ ਇਸ ਗਿਰੋਹ ਵੱਲੋਂ ਇਕ ਆਟੋ ਚਾਲਕ ਨੂੰ ਨਿਸ਼ਾਨਾ ਬਣਾ ਬੜੇ ਵੱਖਰੇ ਢੰਗ ਨਾਲ ਲੁੱਟਿਆ ਗਿਆ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਉਸ ਕੋਲੋਂ ਹੋਰ ਪੈਸੇ ਲੈਣ ਲਈ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਏ ਮੰਗਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਮਲਕਪੁਰ ਬੋਦਲ ਥਾਣਾ ਟਾਂਡਾ ਨੇ ਦੱਸਿਆ ਕਿ ਪਿਛਲੇ ਦਿਨੀਂ 5 ਜਨਵਰੀ ਨੂੰ ਵਕਤ ਕਰੀਬ 6:30 ਸ਼ਾਮ ਨੂੰ ਉਹ ਆਪਣੇ ਆਟੋ ਰਿਕਸ਼ਾ ਸਮੇਤ ਸ਼ਹੀਦ ਭਗਤ ਚੌਕ ’ਚ ਖੜ੍ਹਾ ਸੀ। ਇਸ ਦੌਰਾਨ ਇੱਕ ਨਾ-ਮਾਲੂਮ ਲੜਕੀ ਨੇ ਕਿਹਾ ਕਿ ਉਸ ਦਾ ਕੁਝ ਸਾਮਾਨ ਪਿੰਡ ਲੋਧੀ ਚੱਕ ਤੋਂ ਲੈ ਕੇ ਆਉਣਾ ਹੈ, ਜਿਸ ਨਾਲ ਕਿਰਾਇਆ ਤੈਅ ਕਰਨ ਤੋਂ ਬਾਅਦ ਮੰਗਲ ਸਿੰਘ ਨੇ ਲੜਕੀ ਨੂੰ ਆਟੋ ’ਚ ਬਿਠਾ ਪਿੰਡ ਲੋਧੀ ਤੱਕ ਪਹੁੰਚ ਗਿਆ।
ਉਕਤ ਲੜਕੀ ਵੱਲੋਂ ਮੰਗਲ ਸਿੰਘ ਨੂੰ ਘਰ ਅੰਦਰੋਂ ਸਾਮਾਨ ਚੁੱਕਣ ਲਈ ਘਰ ਅੰਦਰ ਬੁਲਾ ਲਿਆ, ਜਿੱਥੇ ਘਰ ਅੰਦਰ ਪਹਿਲਾਂ ਤੋਂ ਮੌਜੂਦ 2 ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਦਿੱਤੀ ਤੇ ਉਸ ਦੇ ਗਲ ’ਚ ਪਹਿਨੀ ਸੋਨੇ ਦੀ ਚੇਨ, ਜੇਬ ’ਚ ਰੱਖੇ 5 ਹਜ਼ਾਰ ਰੁਪਏ ਤੇ ਮੋਬਾਈਲ ਫੋਨ ਖੋਹ ਲਿਆ।
ਉਕਤ ਵਿਅਕਤੀਆਂ ਨੇ ਮੰਗਲ ਸਿੰਘ ਦੇ ਕੱਪੜੇ ਉਤਾਰ ਨੰਗੇ ਕਰ ਅਸ਼ਲੀਲ ਵੀਡੀਓ ਵੀ ਬਣਾ ਲਈ ਤੇ ਫਿਰ ਆਟੋ ’ਚ ਰੱਖਿਆ ਪਰਸ ਵੀ ਕੱਢ ਲਿਆ, ਜਿਸ ’ਚ ਮੰਗਲ ਸਿੰਘ ਦਾ ਏਟੀਐੱਮ ਕਾਰਡ ਵੀ ਸੀ। ਉਕਤ ਠੱਗ ਟੋਲੇ ਨੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਉਸ ਦੇ ਆਟੋ ਰਿਕਸ਼ਾ ’ਤੇ ਬੈਠ ਟਾਂਡਾ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ ਟਾਂਡਾ ਪਹੁੰਚੇ ਅਤੇ ਮੰਗਲ ਨੂੰ ਡਰਾ ਧਮਕਾ ਉਸ ਦੇ ਏਟੀਐੱਮ ’ਚੋਂ 25 ਹਜ਼ਾਰ ਰੁਪਏ ਜ਼ਬਰਦਸਤੀ ਕਢਵਾ ਲਏ। ਬਾਅਦ ’ਚ ਉਕਤ ਠੱਗ ਲੁਟੇਰੇ ਮੰਗਲ ਨੂੰ ਆਟੋ ਰਿਕਸ਼ਾ ’ਚ ਬਿਠਾ ਕੇ ਹਰਸੀ ਪਿੰਡ ਲੈ ਗਏ, ਜਿੱਥੇ ਠੱਗ ਟੋਲੇ ਦੀ ਮੈਂਬਰ ਉਕਤ ਲੜਕੀ ਨੇ ਚਿੱਟੇ ਦਾ ਨਸ਼ਾ ਕਿਸੇ ਪਾਸੋਂ ਖਰੀਦ ਕੀਤਾ, ਜਿਸ ਤੋਂ ਬਾਅਦ ਉਕਤ ਠੱਗ ਲੁਟੇਰਿਆਂ ਜਾਜਾ ਬਾਈਪਾਸ ਵਿਖੇ ਕਰੀਬ ਰਾਤ 11 ਵਜੇ ਆਟੋ ਰਿਕਸ਼ਾ ਸਮੇਤ ਛੱਡ ਦਿੱਤਾ।
ਮੰਗਲ ਸਿੰਘ ਡਰਦਾ ਮਾਰਾ ਆਪਣੇ ਆਟੋ ’ਤੇ ਘਰ ਚਲਾ ਗਿਆ। ਉਕਤ ਠੱਗ ਲੁਟੇਰੇ ਇੱਥੇ ਹੀ ਨਹੀਂ ਰੁਕੇ ਤੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਕੇ ਬਲੈਕਮੇਲ ਕਰਦੇ ਹੋਏ ਮੰਗਲ ਸਿੰਘ ਕੋਲੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਮੰਗਲ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਥਾਣਾ ਟਾਂਡਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਕੀ ਕਹਿਣਾ ਹੈ ਐੱਸਐੱਚਓ ਟਾਂਡਾ ਦਾ
ਇਸ ਸਬੰਧੀ ਜਦੋਂ ਐੱਸਐੱਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੰਗਲ ਸਿੰਘ ਵੱਲੋਂ ਥਾਣਾ ਟਾਂਡਾ ਵਿਖੇ ਦਰਖਾਸਤ ਦਿੱਤੀ ਗਈ ਹੈ ਤੇ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ। ਐੱਸਐੱਚਓ ਨੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।