ਮਾਡਲ ਟਾਊਨ ਪੁਲਿਸ ਦੀ ਵੱਡੀ ਕਾਰਵਾਈ: ਰੇਲਵੇ ਫਾਟਕ ਨੇੜੇ ਸਿਰ ’ਤੇ ਬੋਰਾ ਚੁੱਕੀ ਆ ਰਹੇ ਵਿਅਕਤੀ ਕੋਲੋਂ ਗ਼ੈਰ-ਕਾਨੂੰਨੀ ਸ਼ਰਾਬ ਬਰਾਮਦ
ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਕੀਤੀ ਜਾ ਰਹੀ ਗਸ਼ਤ ਦੌਰਾਨ ਮਾਡਲ ਟਾਊਨ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਕਥਿਤ ਤੌਰ ’ਤੇ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Sat, 06 Jun 2026 11:33 AM (IST)
Updated Date: Sat, 06 Jun 2026 11:37 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਕੀਤੀ ਜਾ ਰਹੀ ਗਸ਼ਤ ਦੌਰਾਨ ਮਾਡਲ ਟਾਊਨ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ ਕਥਿਤ ਤੌਰ ’ਤੇ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗਸ਼ਤ ਦੌਰਾਨ ਸ਼ੱਕੀ ਹਰਕਤ ਨੇ ਖਿੱਚਿਆ ਪੁਲਿਸ ਦਾ ਧਿਆਨ
ਪੁਲਿਸ ਅਨੁਸਾਰ ਮਾਡਲ ਟਾਊਨ ਥਾਣੇ ਦੇ ਏ.ਐੱਸ.ਆਈ. ਬਲਵੀਰ ਸਿੰਘ ਆਪਣੀ ਟੀਮ ਸਮੇਤ ਪ੍ਰਭਾਤ ਚੌਂਕ ਤੋਂ ਸ਼ਬੀ ਬੈਂਕ ਵਾਲੀ ਗਲੀ ਰਾਹੀਂ ਪਿੱਪਲਾਂਵਾਲਾ ਰੇਲਵੇ ਫਾਟਕ ਵੱਲ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਸਿਰ ’ਤੇ ਕਾਲੇ ਰੰਗ ਦਾ ਸਾਫ਼ਾ ਬੰਨ੍ਹ ਕੇ ਇੱਕ ਭਾਰਾ ਪਲਾਸਟਿਕ ਦਾ ਬੋਰਾ ਚੁੱਕੀ ਆਉਂਦਾ ਦਿਖਾਈ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਸਾਹਮਣੇ ਤੋਂ ਆ ਰਹੀ ਪੁਲਿਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਕਥਿਤ ਤੌਰ ’ਤੇ ਘਬਰਾ ਗਿਆ ਅਤੇ ਤੁਰੰਤ ਪਿੱਛੇ ਮੁੜਨ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਕਾਰਨ ਉਸ ’ਤੇ ਸ਼ੱਕ ਪੈਦਾ ਹੋਇਆ।
ਪੁੱਛਗਿੱਛ ਮਗਰੋਂ ਹੋਈ ਪਛਾਣ, ਬੋਰੇ ’ਚੋਂ ਨਿਕਲੀ ਪੰਜਾਬ ਮਾਰਕਾ ਵਿਸਕੀ
ਪੁਲਿਸ ਕਰਮਚਾਰੀਆਂ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਪੁਲਿਸ ਮੁਤਾਬਕ ਉਸ ਨੇ ਆਪਣੀ ਪਛਾਣ ਰਜਿੰਦਰ ਸਿੰਘ ਉਰਫ਼ ਹਨੀ ਪੁੱਤਰ ਜਗਦੀਸ਼ ਸਿੰਘ ਵਾਸੀ ਸਥਾਨਕ ਕੀਰਤੀ ਨਗਰ ਵਜੋਂ ਦੱਸੀ।
ਜਦੋਂ ਪੁਲਿਸ ਟੀਮ ਉਸ ਦੇ ਹੱਥ ਵਿੱਚ ਫੜੇ ਪਲਾਸਟਿਕ ਦੇ ਬੋਰੇ ਦਾ ਮੂੰਹ ਖੋਲ੍ਹ ਕੇ ਚੈੱਕ ਕੀਤਾ, ਤਾਂ ਉਸ ਵਿੱਚੋਂ "ਪੰਜਾਬ ਕਲੱਬ ਗੋਲਡ ਵਿਸਕੀ" ਮਾਰਕਾ ਦੀਆਂ 12 ਬੋਤਲਾਂ ਕਥਿਤ ਤੌਰ ’ਤੇ ਬਰਾਮਦ ਹੋਈਆਂ, ਜਿਨ੍ਹਾਂ ਉੱਤੇ "ਫਾਰ ਸੇਲ ਇਨ ਪੰਜਾਬ" ਅੰਕਿਤ ਸੀ। ਪੁਲਿਸ ਦਾ ਦਾਅਵਾ ਹੈ ਕਿ ਉਕਤ ਸ਼ਰਾਬ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਲਿਜਾਈ ਜਾ ਰਹੀ ਸੀ।
ਪੁਲਿਸ ਨੇ ਰਜਿੰਦਰ ਸਿੰਘ ਨੂੰ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।