- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਸ਼ਿਆਰਪੁਰ ਦੇ ਸ਼ਿਵਾਲਿਕ ਜੰਗਲੀ ਖੇਤਰ ਵਿੱਚ ਸਰਗਰਮ ਖੈਰ ਮਾਫੀਆ ਖ਼ਿਲਾਫ਼ ਵਣ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਖੈਰ ਦੀ ਲੱਕੜ ਨਾਲ ਭਰੀ ਇੱਕ ਗੱਡੀ ਕਾਬੂ ਕੀਤੀ ਹੈ। ਇਸ ਦੌਰਾਨ ਮਾਫੀਆ ਦੇ ਮੈਂਬਰਾਂ ਵੱਲੋਂ ਵਣ ਵਿਭਾਗ ਦੇ ਕਰਮਚਾਰੀਆਂ ਉੱਪਰ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਗੋਲੀ ਵੀ ਚਲਾਈ ਗਈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸ਼ਿਵਾਲਿਕ ਜੰਗਲੀ ਖੇਤਰ ਵਿੱਚ ਸਰਗਰਮ ਖੈਰ ਮਾਫੀਆ ਖ਼ਿਲਾਫ਼ ਵਣ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਖੈਰ ਦੀ ਲੱਕੜ ਨਾਲ ਭਰੀ ਇੱਕ ਗੱਡੀ ਕਾਬੂ ਕੀਤੀ ਹੈ। ਇਸ ਦੌਰਾਨ ਮਾਫੀਆ ਦੇ ਮੈਂਬਰਾਂ ਵੱਲੋਂ ਵਣ ਵਿਭਾਗ ਦੇ ਕਰਮਚਾਰੀਆਂ ਉੱਪਰ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਗੋਲੀ ਵੀ ਚਲਾਈ ਗਈ।
ਡੀਐਫਓ ਹੁਸ਼ਿਆਰਪੁਰ ਧਰਮਵੀਰ ਡੈਰੂ ਨੇ ਬੁੱਧਵਾਰ ਨੂੰ ਦੱਸਿਆ ਕਿ ਹੁਸ਼ਿਆਰਪੁਰ ਦਾ ਸ਼ਿਵਾਲਿਕ ਖੇਤਰ ਵੱਡੇ ਜੰਗਲਾਂ ਲਈ ਜਾਣਿਆ ਜਾਂਦਾ ਹੈ ਅਤੇ ਇੱਥੇ ਖੈਰ ਦੇ ਦਰੱਖਤਾਂ ਦੀ ਵੱਡੀ ਸੰਖਿਆ ਹੈ। ਖੈਰ ਦੀ ਲੱਕੜ ਬਹੁਤ ਕੀਮਤੀ ਹੋਣ ਕਾਰਨ ਖੈਰ ਮਾਫੀਆ ਦੀ ਇਸ 'ਤੇ ਹਮੇਸ਼ਾ ਨਜ਼ਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਹੁਸ਼ਿਆਰਪੁਰ ਦੀਆਂ ਵੱਖ-ਵੱਖ ਰੇਂਜਾਂ ਵਿੱਚੋਂ ਖੈਰ ਦੀ ਲੱਕੜ ਨਾਲ ਭਰੀਆਂ 10 ਤੋਂ 12 ਗੱਡੀਆਂ ਕਾਬੂ ਕੀਤੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਵਣ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਚੋਹਾਲ ਅਤੇ ਸਲੇਰਨ ਜੰਗਲ ਖੇਤਰ ਵਿੱਚ ਖੈਰ ਮਾਫੀਆ ਵੱਲੋਂ ਗੈਰ-ਕਾਨੂੰਨੀ ਕਟਾਈ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਸ ਸਮੇਂ ਮਾਫੀਆ ਦੇ ਮੈਂਬਰ ਦੋ ਗੱਡੀਆਂ ਵਿੱਚ ਖੈਰ ਦੀ ਲੱਕੜ ਲੱਦ ਰਹੇ ਸਨ। ਇੱਕ ਗੱਡੀ ਪੂਰੀ ਤਰ੍ਹਾਂ ਭਰ ਚੁੱਕੀ ਸੀ ਜਦਕਿ ਦੂਜੀ ਹਾਲੇ ਖਾਲੀ ਸੀ।
ਡੀਐਫਓ ਨੇ ਦੱਸਿਆ ਕਿ ਵਣ ਵਿਭਾਗ ਦੀ ਟੀਮ ਨੂੰ ਦੇਖ ਕੇ ਮਾਫੀਆ ਦੇ ਮੈਂਬਰ ਖਾਲੀ ਗੱਡੀ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ, ਜਦਕਿ ਵਿਭਾਗੀ ਟੀਮ ਨੇ ਲੱਕੜ ਨਾਲ ਭਰੀ ਗੱਡੀ ਦਾ ਪਿੱਛਾ ਕੀਤਾ। ਪਿੱਛਾ ਕਰਨ ਦੌਰਾਨ ਤਸਕਰਾਂ ਨੇ ਵਣ ਕਰਮਚਾਰੀਆਂ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀ ਵੀ ਚਲਾਈ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਦੇਖ ਤਸਕਰ ਗੱਡੀ ਛੱਡ ਕੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਜੰਗਲ ਵੱਲ ਫਰਾਰ ਹੋ ਗਏ। ਹਾਲਾਂਕਿ ਇਸ ਘਟਨਾ ਵਿੱਚ ਵਣ ਵਿਭਾਗ ਦੇ ਕਿਸੇ ਵੀ ਕਰਮਚਾਰੀ ਜਾਂ ਹੋਰ ਕਿਸੇ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਸਾਰੇ ਸੁਰੱਖਿਅਤ ਰਹੇ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖੈਰ ਮਾਫੀਆ ਵੱਲੋਂ ਵਣ ਵਿਭਾਗ ਦੇ ਸਟਾਫ਼ 'ਤੇ ਹਮਲਾ ਕੀਤਾ ਗਿਆ ਹੋਵੇ। ਕੁਝ ਮਹੀਨੇ ਪਹਿਲਾਂ ਪੱਟੀ ਜੰਗਲ ਖੇਤਰ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ, ਜਿੱਥੇ ਵਿਭਾਗੀ ਕਰਮਚਾਰੀਆਂ 'ਤੇ ਹਮਲਾ ਕੀਤਾ ਗਿਆ ਸੀ।
ਡੀਐਫਓ ਅਨੁਸਾਰ ਰਾਤ ਕਰੀਬ ਢਾਈ ਤੋਂ ਤਿੰਨ ਵਜੇ ਦੇ ਦਰਮਿਆਨ ਕਾਬੂ ਕੀਤੀ ਗਈ ਗੱਡੀ ਵਿੱਚ ਖੈਰ ਦੀ ਲੱਕੜ ਦੇ 30 ਲੱਠ ਲੱਦੇ ਹੋਏ ਸਨ। ਮੁੱਢਲੀ ਜਾਂਚ ਮੁਤਾਬਕ ਤਸਕਰਾਂ ਵੱਲੋਂ 9 ਤੋਂ 10 ਖੈਰ ਦੇ ਦਰੱਖਤ ਕੱਟੇ ਗਏ ਹਨ। ਜ਼ਬਤ ਕੀਤਾ ਗਿਆ ਸਾਰਾ ਮਾਲ ਵਣ ਵਿਭਾਗ ਦੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਖੈਰ ਦੀ ਲੱਕੜ ਦੀ ਮਾਰਕੀਟ ਕੀਮਤ ਲਗਭਗ 20,000 ਰੁਪਏ ਪ੍ਰਤੀ ਕੁਇੰਟਲ ਹੈ, ਜਿਸ ਕਾਰਨ ਤਸਕਰ ਇਸ ਦੀ ਗੈਰ-ਕਾਨੂੰਨੀ ਕਟਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਧੰਦੇ ਨਾਲ ਜੁੜੇ ਕਈ ਲੋਕ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਵੀ ਆਉਂਦੇ ਹਨ ਅਤੇ ਇੱਕ ਅੰਤਰਰਾਜੀ ਗਿਰੋਹ ਵਜੋਂ ਕੰਮ ਕਰਦੇ ਹਨ।
ਡੀਐਫਓ ਨੇ ਕਿਹਾ ਕਿ ਵਣ ਵਿਭਾਗ ਖੈਰ ਦੇ ਦਰੱਖਤਾਂ ਦੀ ਸੁਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਖੈਰ ਮਾਫੀਆ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੰਗਲਾਂ ਦੀ ਗੈਰ-ਕਾਨੂੰਨੀ ਕਟਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।