ਸਰਕਾਰ ਭੁੱਲਰ ਦੇ ਬਚਾਅ ਲਈ ਕਾਨੂੰਨ ਦੀਆਂ ਉਡਾ ਰਹੀ ਧੱਜੀਆਂ : ਸੇਠੂ, ਮਹਾਜਨ
ਮੁਕੇਰੀਆਂ 'ਚ ਭਾਜਪਾ ਨੇ ਕੀਤਾ ਪੁਤਲਾ ਫੂਕ ਰੋਸ ਮੁਜਾਹਿਰਾ
Publish Date: Mon, 23 Mar 2026 05:25 PM (IST)
Updated Date: Tue, 24 Mar 2026 04:02 AM (IST)

ਮੁਕੇਰੀਆਂ ਚ ਭਾਜਪਾ ਨੇ ਕੀਤਾ ਪੁਤਲਾ ਫੂਕ ਰੋਸ ਮੁਜ਼ਾਹਰਾ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸਥਾਨਕ ਮਾਤਾ ਰਾਣੀ ਚੌਂਕ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਆਮ ਆਦਮੀ ਪਾਰਟੀ ਸਰਕਾਰ ਖਿਲਾਫ਼ ਰੋਸ ਮੁਜ਼ਾਹਿਰਾ ਕੀਤਾ ਗਿਆ। ਰੋਸ ਮੁਜ਼ਾਹਰੇ ’ਚ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਉਚੇਚੇ ਤੌਰ ਤੇ ਸ਼ਾਮਲ ਹੋਏ। ਰੋਸ ਮੁਜਾਹਿਰੇ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੱਤਾਧਾਰੀ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਸਮੇਤ ਹੋਰ ਕਥਿਤ ਦੋਸ਼ੀਆਂ ਨੂੰ ਸਿਰਫ਼ ਗ੍ਰਿਫ਼ਤਾਰ ਹੀ ਨਾ ਕੀਤਾ ਜਾਵੇ, ਸਗੋਂ ਉਨ੍ਹਾਂ ਖਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਇਸ ਸਮੇਂ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ਅਤੇ ਵਿਧਾਇਕ ਜੰਗੀ ਲਾਲ ਮਹਾਜਨ ਨੇ ਰੋਸ ਪ੍ਰਗਟਾਇਆ ਕਿ ਸੂਬੇ ਅੰਦਰ ਕਾਨੂੰਨ-ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਤੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਤੇ ਨਿਰਪੱਖ ਅਖਵਾਉਣ ਵਾਲੀ ਸੱਤਾਧਾਰੀ ਸਰਕਾਰ ਨੇ ਇਮਾਨਦਾਰ ਅਫ਼ਸਰਾਂ ਦੇ ਕੰਮ ਵਿੱਚ ਦਖ਼ਲਅੰਦਾਜੀ ਕਰਦੇ ਹੋਏ ਉਨ੍ਹਾਂ ਦਾ ਜੀਉਣਾ ਵੀ ਮੁਹਾਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਪਰਿਵਾਰ ਅਤੇ ਵਿਰੋਧੀ ਧਿਰਾਂ ਦੇ ਦਬਾਅ ਹੇਠ ਮਾਮਲਾ ਦਰਜ ਕਰ ਲਿਆ ਗਿਆ ਸੀ, ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇਰੀ ਨਾਲ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਇਕ ਇਮਾਨਦਾਰ ਅਧਿਕਾਰੀ ਸਨ, ਜਿਨ੍ਹਾਂ ਨੂੰ ਕਥਿਤ ਤੌਰ ‘ਤੇ ਦਬਾਅ ਅਤੇ ਬੇਇਜ਼ਤੀ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਵਿਧਾਇਕ ਲਾਲਜੀਤ ਸਿੰਘ ਭੁੱਲਰ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਟੈਂਡਰ ਜਾਰੀ ਕਰਵਾਉਣ ਦੇ ਮਾਮਲੇ ਵਿੱਚ ਰੰਧਾਵਾ ‘ਤੇ ਦਬਾਅ ਬਣਾਇਆ ਗਿਆ ਅਤੇ ਉਸ ਨਾਲ ਕੁੱਟਮਾਰ ਅਤੇ ਜਲੀਲ ਕਰਨ ਜਿਹੀਆਂ ਘਟਨਾਵਾਂ ਵੀ ਵਾਪਰੀਆਂ। ਉਨ੍ਹਾਂ ਦੇ ਅਨੁਸਾਰ, ਇਹੀ ਕਾਰਨ ਬਣਿਆ ਜਿਸ ਕਾਰਨ ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਵਰਗਾ ਖੌਫ਼ਨਾਕ ਕਦਮ ਚੁੱਕਿਆ, ਜੋ ਕਿ ਬਹੁਤ ਹੀ ਮੰਦਭਾਗੀ ਅਤੇ ਦੁੱਖਦਾਈ ਘਟਨਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਰਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੀ ਧਾਰਾ ਹੀ ਨਹੀਂ, ਸਗੋਂ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਆਪਣੇ ਮੰਤਰੀ ਨੂੰ ਬਚਾਉਣ ਲਈ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੀੜਤ ਪਰਿਵਾਰ ਨਾਲ ਡੱਟ ਕੇ ਖੜ੍ਹੀ ਹੈ ਅਤੇ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਰਘੂਨਾਥ ਸਿੰਘ ਰਾਣਾ, ਹਰੀਸ਼ ਮਹਾਜਨ ਕਾਲਾ, ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਮੰਡਲ ਪ੍ਰਧਾਨ ਮਨੋਜ ਕੁਮਾਰ, ਮੰਡਲ ਪ੍ਰਧਾਨ ਕੁਲਤਾਰ ਸਿੰਘ ਹੈਪੀ, ਮੰਡਲ ਪ੍ਰਧਾਨ ਸੁਨੀਲ ਕੁਮਾਰ ਪਿੰਕੀ, ਜ਼ਿਲ੍ਹਾ ਪ੍ਰਧਾਨ ਯੂਥ ਮੋਰਚਾ ਅਸ਼ਵਨੀ ਕੁਮਾਰ ਚੌਧਰੀ, ਮੰਡਲ ਪ੍ਰਧਾਨ ਚਰਨਜੀਤ ਸਿੰਘ, ਦਵਿੰਦਰ ਮਹਾਜਨ, ਜ਼ਿਲ੍ਹਾ ਪ੍ਰਧਾਨ ਐੱਸਸੀ ਮੋਰਚਾ ਵਿਸ਼ਾਲ ਹੰਸ ਬੱਬੂ, ਸੋਹਨ ਸਿੰਘ ਸੋਨੂੰ, ਕੰਵਰ ਰਾਕੇਸ਼ ਸਿੰਘ, ਹੁਸ਼ਿਆਰ ਸਿੰਘ, ਰਾਜੇਸ਼ ਵਰਮਾ, ਰਾਜਿੰਦਰ ਮਹਾਜਨ, ਵਿੱਕੀ ਅਰੋੜਾ, ਮਦਨ ਲਾਲ ਨਾਂਗਲੂ, ਕੁਲਦੀਪ ਰਾਜ ਕਾਲਾ, ਸੂਰਤੀ, ਵਿਜੇ ਸ਼ਰਮਾ, ਜਗਤਾਰ ਸਿੰਘ, ਖੁਸ਼ਵੰਤ ਸਿੰਘ ਨੰਬਰਦਾਰ, ਰਘੁਵੀਰ ਸਿੰਘ, ਸਰਪੰਚ ਵਿਕਾਸ ਮਨਹਾਸ ਸਮੇਤ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਰੋਸ ਮੁਜ਼ਾਹਿਰੇ ਵਿੱਚ ਸ਼ਮਲੂੀਅਤ ਕੀਤੀ।