ਸਿਹਤ ਵਿਭਾਗ ਵੱਲੋਂ ਦੁਕਾਨਾਂ ’ਤੇ ਛਾਪੇਮਾਰੀ, ਫਾਸਟ ਫੂਡ ਤੇ ਚਾਪ ਦੇ 8 ਸੈਂਪਲ ਭਰੇ
ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਦਸੂਹਾ ਤੇ ਮੁਕੇਰੀਆਂ 'ਚ ਛਾਪੇਮਾਰੀ; ਫਾਸਟ ਫੂਡ ਤੇ ਚਾਪ ਦੇ 8 ਸੈਂਪਲ ਭਰੇ
Publish Date: Wed, 11 Mar 2026 05:47 PM (IST)
Updated Date: Thu, 12 Mar 2026 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਟੀਮ ਵੱਲੋਂ ਦਸੂਹਾ ਅਤੇ ਮੁਕੇਰੀਆਂ ਖੇਤਰਾਂ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਫਾਸਟ ਫੂਡ ਆਈਟਮਾਂ, ਖਾਸ ਕਰਕੇ ਚਾਪ, ਮੋਮੋਜ਼ ਅਤੇ ਨੂਡਲਜ਼ ਆਦਿ ਦੀ ਗੁਣਵੱਤਾ ਅਤੇ ਸਫ਼ਾਈ ਦੀ ਜਾਂਚ ਕੀਤੀ ਗਈ।ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਧਿਕਾਰੀ ਮਨੀਸ਼ ਸੋਢੀ ਅਤੇ ਟੀਮ ਵੱਲੋਂ ਬੀਤੀ ਸ਼ਾਮ ਦਸੂਹਾ ਅਤੇ ਮੁਕੇਰੀਆਂ ਖੇਤਰਾਂ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲੇ ਸਥਾਨਾਂ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਲਈ ਕੁੱਲ 8 ਨਮੂਨੇ ਇਕੱਠੇ ਕੀਤੇ ਗਏ। ਇਨ੍ਹਾਂ ਵਿੱਚ ਚਾਹ ਪੱਤੀ, ਸੌਸ, ਦਾਲ, ਘੀ, ਮੋਮੋਜ਼, ਨੂਡਲਜ਼ ਅਤੇ ਖਾਸ ਤੌਰ ’ਤੇ ਚਾਪ ਵਰਗੀਆਂ ਫਾਸਟ ਫੂਡ ਆਈਟਮਾਂ ਦੇ ਨਮੂਨੇ ਸ਼ਾਮਲ ਹਨ। ਇਹ ਸਾਰੇ ਨਮੂਨੇ ਲੈਬ ਜਾਂਚ ਲਈ ਫੂਡ ਲੈਬ ਖਰੜ ਭੇਜੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਜੇਕਰ ਕਿਸੇ ਨਮੂਨੇ ਵਿੱਚ ਮਿਆਰਾਂ ਦੀ ਉਲੰਘਣਾ ਜਾਂ ਮਿਲਾਵਟ ਪਾਈ ਗਈ ਤਾਂ ਸੰਬੰਧਿਤ ਵਿਕਰੇਤਾ ਖ਼ਿਲਾਫ ਫੂਡ ਸੇਫਟੀ ਐਕਟ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਾ. ਜਤਿੰਦਰ ਭਾਟੀਆ ਅਤੇ ਫੂਡ ਸੇਫਟੀ ਅਧਿਕਾਰੀ ਮਨੀਸ਼ ਸੋਢੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਫਾਸਟ ਫੂਡ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਗਈ ਕਿ ਚਾਪ, ਮੋਮੋਜ਼, ਨੂਡਲਜ਼ ਅਤੇ ਹੋਰ ਤਿਆਰ ਖਾਣ ਵਾਲੀਆਂ ਚੀਜ਼ਾਂ ਸਾਫ਼-ਸੁਥਰੇ ਮਾਹੌਲ ਵਿੱਚ ਤਿਆਰ ਕੀਤੀਆਂ ਜਾਣ। ਇਸ ਦੇ ਨਾਲ ਹੀ ਖਾਣਾ ਬਣਾਉਣ ਲਈ ਵਰਤੇ ਜਾਣ ਵਾਲੇ ਤੇਲ ਦੀ ਗੁਣਵੱਤਾ, ਸਾਫ਼ ਪਾਣੀ ਦੀ ਵਰਤੋਂ ਅਤੇ ਬਰਤਨਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਖਾਧ ਪਦਾਰਥਾਂ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਨਿਯਮਾਂ ਅਨੁਸਾਰ ਵੈਧ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਰੱਖਣਾ ਲਾਜ਼ਮੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਫਾਸਟ ਫੂਡ ਖਰੀਦਦੇ ਸਮੇਂ ਸਫ਼ਾਈ ਅਤੇ ਗੁਣਵੱਤਾ ਦਾ ਖ਼ਾਸ ਧਿਆਨ ਰੱਖਣ ਅਤੇ ਸਿਰਫ਼ ਉਹਨਾਂ ਥਾਵਾਂ ਤੋਂ ਹੀ ਖਾਣ-ਪੀਣ ਵਾਲੀਆਂ ਚੀਜ਼ਾਂ ਖਰੀਦਣ ਜਿੱਥੇ ਸਫ਼ਾਈ ਦੇ ਮਿਆਰਾਂ ਦੀ ਪਾਲਣਾ ਕੀਤੀ ਜਾਂਦੀ ਹੋਵੇ।