ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਜ਼ਰੂਰੀ : ਡਾ. ਮਨਦੀਪ ਕਮਲ
ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਬਹੁਤ ਜ਼ਰੂਰੀ : ਡਾ. ਮਨਦੀਪ ਕਮਲ
Publish Date: Wed, 11 Mar 2026 05:28 PM (IST)
Updated Date: Thu, 12 Mar 2026 04:04 AM (IST)

ਹਾਰਟਾ ਬਡਲਾ ਅਧੀਨ ਪਿੰਡ ਅਜੜਾਮ ’ਚ ਹੋਈ ਮਾਤਰੀ ਮੌਤ ਦੇ ਮਾਮਲੇ ਦੀ ਮੀਟਿੰਗ ’ਚ ਵਿਸਥਾਰ ਨਾਲ ਸਮੀਖਿਆ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜੱਚਾ-ਬੱਚਾ ਸਿਹਤ ਸੇਵਾਵਾਂ ਅਧੀਨ ਗਰਭਵਤੀ ਮਹਿਲਾਵਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਮਾਤਰੀ ਮੌਤ ਦਰ ਨੂੰ ਘਟਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿੱਚ ਮੈਟਰਨਲ ਡੈਥ ਰੀਵਿਊ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਪ੍ਰਧਾਨਗੀ ਹੇਠ ਹੋਈ, ਜਦਕਿ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਨੇ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਦੌਰਾਨ ਕਮਿਊਨਿਟੀ ਸਿਹਤ ਕੇਂਦਰ ਹਾਰਟਾ ਬਡਲਾ ਅਧੀਨ ਪਿੰਡ ਅਜੜਾਮ ਵਿੱਚ ਹੋਈ ਮਾਤਰੀ ਮੌਤ ਦੇ ਮਾਮਲੇ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਮਾਤਰੀ ਮੌਤਾਂ ਨੂੰ ਰੋਕਣ ਲਈ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਹਿਲਾਵਾਂ ਦੇ ਸਾਰੇ ਲੋੜੀਂਦੇ ਟੈਸਟ ਨਿਰਧਾਰਿਤ ਸਮੇਂ ਅੰਦਰ ਕਰਵਾਏ ਜਾਣ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਉਚਿਤ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਨੇ ਸਾਰੇ ਮੈਡੀਕਲ ਅਫਸਰਾਂ ਅਤੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਗਰਭਵਤੀ ਮਹਿਲਾਵਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਜਾਵੇ ਅਤੇ ਆਸ਼ਾ ਵਰਕਰਾਂ ਅਤੇ ਏਐਨਐਮ ਵੱਲੋਂ ਉਨ੍ਹਾਂ ਦੀ ਨਿਯਮਿਤ ਪਾਲਣਾ ਕੀਤੀ ਜਾਵੇ ਤਾਂ ਜੋ ਕਿਸੇ ਵੀ ਸੰਕਟ ਦੀ ਸਥਿਤੀ ਵਿੱਚ ਤੁਰੰਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗਰਭਵਤੀ ਮਹਿਲਾਵਾਂ ਵਿੱਚ ਖੂਨ ਦੀ ਘਾਟ ਨੂੰ ਰੋਕਣ ਲਈ ਆਇਰਨ ਅਤੇ ਫੋਲਿਕ ਐਸਿਡ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ, ਜਿਸ ਨਾਲ ਜਣੇਪੇ ਦੌਰਾਨ ਹੋਣ ਵਾਲੀਆਂ ਗੰਭੀਰ ਜਟਿਲਤਾਵਾਂ ਅਤੇ ਮੌਤਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਸਾਰੀਆਂ ਗਰਭਵਤੀ ਮਹਿਲਾਵਾਂ ਦੀ ਘੱਟੋ-ਘੱਟ ਇੱਕ ਜਣੇਪਾ ਪੂਰਵ ਜਾਂਚ ਲਾਜ਼ਮੀ ਤੌਰ ‘ਤੇ ਕਰਵਾਈ ਜਾਵੇ। ਡਾ. ਮਨਦੀਪ ਕਮਲ ਨੇ ਕਿਹਾ ਕਿ ਹਰ ਗਰਭਵਤੀ ਮਹਿਲਾ ਦੇ ਜਣੇਪੇ ਦੀ ਪਹਿਲਾਂ ਹੀ ਯੋਜਨਾ ਤਿਆਰ ਕੀਤੀ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਘਰ ਵਿੱਚ ਡਿਲਿਵਰੀ ਨਾ ਹੋਣ ਦਿੱਤੀ ਜਾਵੇ। ਸਾਰੀਆਂ ਡਿਲਿਵਰੀਆਂ ਸਿਹਤ ਸੰਸਥਾਵਾਂ ਵਿੱਚ ਹੀ ਕਰਵਾਈਆਂ ਜਾਣ ਯਕੀਨੀ ਬਣਾਈਆਂ ਜਾਣ। ਆਸ਼ਾ ਵਰਕਰਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਕਿ ਉਹ ਗਰਭਵਤੀ ਮਹਿਲਾਵਾਂ ਨੂੰ ਚੈਕਅਪ ਅਤੇ ਜਣੇਪੇ ਸਮੇਂ ਸਿਹਤ ਸੰਸਥਾਵਾਂ ਤੱਕ ਲੈ ਕੇ ਜਾਣ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਹਰ ਗਰਭਵਤੀ ਮਹਿਲਾ ਦਾ ਜਲਦੀ ਤੋਂ ਜਲਦੀ ਸਿਹਤ ਸੰਸਥਾ ਵਿੱਚ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵਜ਼ਨ, ਬਲੱਡ ਪ੍ਰੈਸ਼ਰ, ਸ਼ੂਗਰ, ਹਿਮੋਗਲੋਬਿਨ, ਥਾਇਰਾਇਡ, ਹੈਪੈਟਾਇਟਿਸ, ਸਕੈਨ ਅਤੇ ਹੋਰ ਲੋੜੀਂਦੇ ਟੈਸਟ ਸਮੇਂ ਸਿਰ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੰਭਾਵਿਤ ਜਟਿਲਤਾਵਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਨੇ ਜਣੇਪਾ ਪੂਰਵ ਅਤੇ ਜਣੇਪੇ ਤੋਂ ਬਾਅਦ ਹੋਣ ਵਾਲੀਆਂ ਜਾਂਚਾਂ ‘ਤੇ ਖਾਸ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪਛਾਣ, ਪੂਰਵ ਯੋਜਨਾ, ਲਗਾਤਾਰ ਨਿਗਰਾਨੀ ਅਤੇ ਤੁਰੰਤ ਇਲਾਜ ਨਾਲ ਮਾਤਰੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਜਤਿੰਦਰ ਭਾਟੀਆ, ਡਾ. ਮੰਜਰੀ (ਸਤ੍ਰੀ ਰੋਗ ਵਿਸ਼ੇਸ਼ਗਿਆ), ਤਰਸੇਮ ਲਾਲ ਜ਼ਿਲ੍ਹਾ ਮਾਸ ਮੀਡੀਆ ਅਫਸਰ ਤੇ ਸੰਬੰਧਿਤ ਬਲਾਕਾਂ ਤੋਂ ਫੀਲਡ ਸਟਾਫ ਸਮੇਤ ਹੋਰ ਮੈਡੀਕਲ ਅਤੇ ਪੈਰਾ ਮੈਡੀਕਲ ਅਧਿਕਾਰੀ ਹਾਜ਼ਰ ਸਨ।