ਪੱਛਮੀ ਏਸ਼ੀਆ ’ਚ ਵਧ ਰਹੇ ਟਕਰਾਅ ਕਾਰਨ ਕਮਰਸ਼ੀਅਲ ਐੱਲਪੀਜੀ ਦੀ ਘਾਟ
ਪੱਛਮੀ ਏਸ਼ੀਆ ਵਿੱਚ ਵਧ ਰਹੇ ਟਕਰਾਅ ਕਾਰਨ ਕਮਰਸ਼ੀਅਲ ਐਲਪੀਜੀ ਦੀ ਘਾਟ, ਹੁਸ਼ਿਆਰਪੁਰ ਵਿੱਚ ਹੋਟਲਾਂ, ਰੈਸਟੋਰੈਂਟਾਂ ਤੇ ਢਾਬਿਆਂ ਵਿੱਚ ਚਿੰਤਾ
Publish Date: Wed, 11 Mar 2026 05:25 PM (IST)
Updated Date: Thu, 12 Mar 2026 04:04 AM (IST)

ਹੁਸ਼ਿਆਰਪੁਰ ’ਚ ਹੋਟਲਾਂ, ਰੈਸਟੋਰੈਂਟਾਂ ਤੇ ਢਾਬਿਆਂ ਵਿੱਚ ਚਿੰਤਾ ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੱਛਮੀ ਏਸ਼ੀਆ ਵਿੱਚ ਵਧ ਰਹੇ ਟਕਰਾਅ ਕਾਰਨ ਊਰਜਾ ਸਪਲਾਈ ਪ੍ਰਭਾਵਿਤ ਹੋਣ ਦੇ ਦਰਮਿਆਨ ਹੁਸ਼ਿਆਰਪੁਰ ਵਿੱਚ ਕਈ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਨੇ ਦਾਅਵਾ ਕੀਤਾ ਹੈ ਕਿ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੀ ਇਕ ਗੈਸ ਏਜੰਸੀ ਦੇ ਮਾਲਕ ਹਰਜੀਤ ਚੀਮਾ ਨੇ ਕਿਹਾ ਕਿ ਕਮਰਸ਼ੀਅਲ ਸਿਲੰਡਰਾਂ ਦੀ ਕਾਫੀ ਘਾਟ ਹੈ ਕਿਉਂਕਿ ਬੋਟਲਿੰਗ ਪਲਾਂਟਾਂ ਤੋਂ ਰੀਫਿਲ ਹੋ ਕੇ ਸਿਲੰਡਰ ਨਹੀਂ ਆ ਰਹੇ. ਜੇ ਬੋਟਲਿੰਗ ਪਲਾਂਟਾਂ ਤੋਂ ਸਿਲੰਡਰ ਰੀਫਿਲ ਹੋ ਕੇ ਸਪਲਾਈ ਨਹੀਂ ਆਏਗੀ ਤਾਂ ਗਾਹਕਾਂ ਨੂੰ ਸਿਲੰਡਰ ਦੇਣਾ ਮੁਸ਼ਕਲ ਹੈ। ਹੁਸ਼ਿਆਰਪੁਰ ’ਚ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ਇਸ ਵੇਲੇ 1,980.50 ਰੁਪਏ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਵਾਰ ਏਜੰਸੀ ਦੇ ਪੱਧਰ ’ਤੇ ਗਾਹਕਾਂ ਨੂੰ ਕੁਝ ਰਾਹਤ ਦਿੱਤੀ ਜਾਂਦੀ ਸੀ ਪਰ ਮੌਜੂਦਾ ਘਾਟ ਕਾਰਨ ਇਹ ਕਰਨਾ ਹੁਣ ਮੁਸ਼ਕਲ ਹੋ ਗਿਆ ਹੈ। ਇਕ ਹੋਰ ਗੈਸ ਏਜੰਸੀ ਮਾਲਕ ਮੇਘਾ ਓਹਰੀ ਨੇ ਕਿਹਾ ਕਿ ਜਿਵੇਂ ਹੀ ਬੋਟਲਿੰਗ ਪਲਾਂਟਾਂ ਤੋਂ ਸਪਲਾਈ ਮੁੜ ਸਧਾਰਨ ਹੋਵੇਗੀ, ਗਾਹਕਾਂ ਨੂੰ ਸਿਲੰਡਰਾਂ ਦੀ ਸਪਲਾਈ ਵੀ ਕਰ ਦਿੱਤੀ ਜਾਵੇਗੀ। ਰੈਸਟੋਰੈਂਟ ਮਾਲਕ ਸੰਜੀਵ ਸੈਣੀ ਤੇ ਢਾਬਾ ਚਲਾਉਣ ਵਾਲੇ ਪ੍ਰਦੀਪ ਸੂਦ ਨੇ ਕਿਹਾ ਕਿ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀ ਘਾਟ ਕਾਰਨ ਉਨ੍ਹਾਂ ਦੇ ਕਾਰੋਬਾਰ ਚਲਾਉਣ ਵਿੱਚ ਗੰਭੀਰ ਮੁਸ਼ਕਲਾਂ ਆ ਰਹੀਆਂ ਹਨ। ਹੁਣਸਿਲੰਡਰ ਸਿਰਫ਼ ਪੂਰੀ ਕੀਮਤ ’ਤੇ ਹੀ ਮਿਲ ਰਹੇ ਹਨ, ਜਦਕਿ ਪਹਿਲਾਂ ਕੁਝ ਛੋਟ ਜਾਂ ਰਾਹਤ ਮਿਲ ਜਾਂਦੀ ਸੀ। ਸੈਣੀ ਨੇ ਕਿਹਾ ਕਿ ਰੈਸਟੋਰੈਂਟ ਚਲਾਉਣ ਦੇ ਨਾਲ-ਨਾਲ ਉਹ ਕੈਟਰਿੰਗ ਦਾ ਕੰਮ ਵੀ ਕਰਦੇ ਹਨ ਤੇ ਸਿਲੰਡਰਾਂ ਦੀ ਘਾਟ ਕਾਰਨ ਮੰਗ ਪੂਰੀ ਕਰਨਾ ਔਖਾ ਹੋ ਰਿਹਾ ਹੈ। ਉਹ ਆਪਣੀਆਂ ਰਸੋਈਆਂ ਚਲਾਉਣ ਲਈ ਹੋਰ ਵਿਕਲਪ ਵੀ ਲੱਭ ਰਹੇ ਹਨ ਪਰ ਜੇ ਘਾਟ ਜਾਰੀ ਰਹੀ ਤਾਂ ਉਨ੍ਹਾਂ ਨੂੰ ਮੁੜ ਪੁਰਾਣੇ ਤਰੀਕੇ ਨਾਲ ਲੱਕੜਾਂ ਵਾਲੀਆਂ ਭੱਠੀਆਂ ਦੀ ਵਰਤੋਂ ਕਰਨੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਇੰਧਨ ਲਈ ਲੱਕੜ ਵੀ ਇਸ ਸਮੇਂ ਮਹਿੰਗੀ ਹੈ ਅਤੇ ਆਸਾਨੀ ਨਾਲ ਉਪਲਬਧ ਨਹੀਂ। ਇਕ ਨਿੱਜੀ ਹੋਟਲ ਦੇ ਮਾਲਕ ਤਿਲਕ ਰਾਜ ਗੁਪਤਾ ਨੇ ਕਿਹਾ ਕਿ ਇਸ ਵੇਲੇ ਉਨ੍ਹਾਂ ਕੋਲ ਕਮਰਸ਼ੀਅਲ ਸਿਲੰਡਰ ਮੌਜੂਦ ਹਨ, ਪਰ ਉਨ੍ਹਾਂ ਨੂੰ ਵੀ ਬਾਜ਼ਾਰ ਵਿੱਚ ਸਿਲੰਡਰਾਂ ਦੀ ਘਾਟ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸਥਿਤੀ ਲੰਬੇ ਸਮੇਂ ਤੱਕ ਰਹੀ ਤਾਂ ਆਮ ਦਿਨਾਂ ਵਿੱਚ ਹੋਟਲ ਦੀਆਂ ਜ਼ਰੂਰਤਾਂ ਨੂੰ ਇੰਧਨ ਦੇ ਤੌਰ ’ਤੇ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਹੈ। ਇਰਾਨ ਤੇ ਅਮਰੀਕਾ-ਇਜ਼ਰਾਈਲ ਗਠਜੋੜ ਦਰਮਿਆਨ ਵਧ ਰਹੇ ਟਕਰਾਅ ਕਾਰਨ ਵਿਸ਼ਵ ਪੱਧਰ ’ਤੇ ਇੰਧਨ ਸਪਲਾਈ ਚੇਨ ਪ੍ਰਭਾਵਿਤ ਹੋ ਰਹੀ ਹੈ, ਜਿਸਦਾ ਅਸਰ ਭਾਰਤ ਦੀ ਐੱਲਪੀਜੀ ਸਪਲਾਈ ’ਤੇ ਵੀ ਪੈ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਲਈ ਰਸੋਈ ਗੈਸ ਦੀ ਸਪਲਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਕਮਰਸ਼ੀਅਲ ਐਲਪੀਜੀ ਵਰਤਣ ਵਾਲੇ ਹੋਟਲਾਂ ਅਤੇ ਰੈਸਟੋਰੈਂਟਾਂ ਲਈ ਸਪਲਾਈ ਵਿੱਚ ਕਮੀ ਆ ਰਹੀ ਹੈ।