ਸਿਹਤ ਵਿਭਾਗ ਕਲੈਰੀਕਲ ਯੂਨੀਅਨ ਦੀ ਚੋਣ; ਧਰਮਿੰਦਰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ
ਸਿਹਤ ਵਿਭਾਗ ਕਲੈਰੀਕਲ ਯੂਨੀਅਨ ਦੀ ਚੋਣ; ਧਰਮਿੰਦਰ ਸਰਬਸੰਮਤੀ ਨਾਲ ਚੁਣੇ ਗਏ ਜ਼ਿਲ੍ਹਾ ਪ੍ਰਧਾਨ
Publish Date: Wed, 11 Mar 2026 05:00 PM (IST)
Updated Date: Thu, 12 Mar 2026 04:01 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ (ਸਿਹਤ ਵਿਭਾਗ) ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੇ ਕਲੈਰੀਕਲ ਕਰਮਚਾਰੀਆਂ ਦੀ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਯੂਨੀਅਨ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਨੀਰੁੱਧ ਮੋਦ ਗਿੱਲ ਅਤੇ ਪ੍ਰੈਸ ਸਕੱਤਰ ਗੁਰਵਿੰਦਰ ਸਾਨੇ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਪਹਿਲਾਂ ਦੇ ਪ੍ਰਧਾਨ ਨਵਦੀਪ ਸਿੰਘ ਦੀ ਰਿਟਾਇਰਮੈਂਟ ਤੋਂ ਬਾਅਦ ਨਵੀਂ ਟੀਮ ਦੀ ਚੋਣ ਕੀਤੀ ਗਈ ਹੈ। ਇਸ ਦੌਰਾਨ ਧਰਮਿੰਦਰ ਨੂੰ ਜ਼ਿਲ੍ਹਾ ਪ੍ਰਧਾਨ, ਸੰਜੀਵ ਕੁਮਾਰ ਨੂੰ ਜਨਰਲ ਸਕੱਤਰ, ਸੰਦੀਪ ਕੁਮਾਰ ਨੂੰ ਸਹਾਇਕ ਸਕੱਤਰ, ਦਵਿੰਦਰ ਭੱਟੀ ਨੂੰ ਸੀਨੀਅਰ ਮੀਤ ਪ੍ਰਧਾਨ, ਸਤਪਾਲ ਨੂੰ ਪ੍ਰੈਸ ਸਕੱਤਰ, ਪਰਮਜੀਤ ਕੌਰ ਨੂੰ ਖਜ਼ਾਨਚੀ, ਕੇਵਲ ਕ੍ਰਿਸ਼ਨ ਨੂੰ ਮੁੱਖ ਸਲਾਹਕਾਰ ਅਤੇ ਸ਼ਿਵਰਤਨ ਤੇ ਰਵਿੰਦਰਜੀਤ ਸਿੰਘ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਰੁਪਿੰਦਰਜੀਤ ਕੌਰ, ਆਸ਼ਾ ਰਾਣੀ, ਰਿਧੂ ਬਾਲਾ, ਪਲਵਿੰਦਰ ਕੌਰ, ਰਾਣੀ ਮਨਪ੍ਰੀਤ ਕੌਰ, ਬਬਨ ਅਤੇ ਮਨਦੀਪ ਪਾਲ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਨੇ ਕਿਹਾ ਕਿ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਵੱਲੋਂ ਜੋ ਵੀ ਸੱਦਾ ਆਏਗਾ, ਉਸ ਨੂੰ ਸਿਹਤ ਵਿਭਾਗ ਵਿੱਚ ਇਨਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਮਹਿੰਗਾਈ ਭੱਤਾ ਕੇਂਦਰ ਦੇ ਮੁਕਾਬਲੇ 16 ਫੀਸਦੀ ਘੱਟ ਹੈ, ਜਦਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਇਸਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ 15 ਜਨਵਰੀ 2015 ਦੇ ਪੱਤਰ ਅਨੁਸਾਰ ਮੁਲਾਜ਼ਮਾਂ ਨੂੰ ਪ੍ਰੋਬੇਸ਼ਨ ਸਮੇਂ ਦੌਰਾਨ ਸਿਰਫ ਮੁੱਢਲੀ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਨਾਲ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਸਾਰੇ ਮੁਲਾਜ਼ਮ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਕਰਨ।