ਸਟੋਨ ਕਰੈਸ਼ਰਾਂ ਦੇ ਭਾਰੀ ਟਿੱਪਰਾਂ ਕਾਰਨ ਪੁਲ਼ ਦੀ ਹਾਲਤ ਨਾਜ਼ੁਕ : ਹੈਪੀ
ਝੀਰ ਦਾ ਖੂਹ ਨੇੜੇ ਸਟੋਨ ਕਰੈਸ਼ਰਾਂ ਦੀਆਂ ਭਾਰੀ ਟਿੱਪਰਾਂ ਕਾਰਨ ਪੁਲ ਦੀ ਹਾਲਤ ਨਾਜ਼ੁਕ- ਹੈਪੀ
Publish Date: Wed, 25 Feb 2026 03:39 PM (IST)
Updated Date: Thu, 26 Feb 2026 04:01 AM (IST)

ਕਿਹਾ, ਸ਼ਿਵ ਸੈਨਾ ਸਮਾਜਵਾਦੀ ਵੱਲੋਂ ਚੇਤਾਵਨੀ, 7 ਦਿਨਾਂ ’ਚ ਕਾਰਵਾਈ ਨਾ ਹੋਈ ਤਾਂ ਕਰਾਂਗੇ ਪ੍ਰਦਰਸ਼ਨ ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਮੁਕੇਰੀਆਂ ਹਾਈਡਲ ਪ੍ਰੋਜੈਕਟ (ਸ਼ਾਹ ਨਹਿਰ) ਦੇ ਝੀਰ ਦਾ ਖੂਹ ਨੇੜੇ ਸਥਿਤ ਨਹਿਰ ਦਾ ਪੁਲ ਇਸ ਵੇਲੇ ਗੰਭੀਰ ਖਤਰੇ ਹੇਠ ਦਿਖਾਈ ਦੇ ਰਿਹਾ ਹੈ। ਇਲਾਕੇ ਵਿੱਚ ਚੱਲ ਰਹੇ ਲਗਭਗ 12 ਸਟੋਨ ਕਰੈਸ਼ਰਾਂ ਤੋਂ ਨਿਕਲ ਰਹੀਆਂ ਭਾਰੀ ਭਰਕਮ ਟਿੱਪਰਾਂ ਰਾਤ-ਦਿਨ ਇਸ ਪੁਲ ਤੋਂ ਗੁਜ਼ਰ ਰਹੀਆਂ ਹਨ, ਜਿਸ ਕਾਰਨ ਪੁਲ ਦੀ ਸੰਰਚਨਾ ਕਮਜ਼ੋਰ ਹੋ ਰਹੀ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਢੰਗ ਦੇ ਕਦਮ ਨਾ ਚੁੱਕੇ ਗਏ ਤਾਂ ਪੁਲ ਕਦੇ ਵੀ ਟੁੱਟ ਸਕਦਾ ਹੈ ਅਤੇ ਵੱਡਾ ਹਾਦਸਾ ਵਾਪਰ ਸਕਦਾ ਹੈ। ਇਹ ਗੱਲਾਂ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਯੁਵਾ ਪ੍ਰਵਾਰੀ ਹਰਜਿੰਦਰ ਪਾਲ ਹੈਪੀ ਨੇ ਤਲਵਾੜਾ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਸ਼ਾਹ ਨਹਿਰ ਦੇ ਇਸ ਪੁਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸੱਤ ਦਿਨਾਂ ਅੰਦਰ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਸ਼ਿਵ ਸੈਨਿਕ ਵੱਡਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੇ ਅਧਿਕਾਰੀਆਂ ਦੀ ਹੋਵੇਗੀ। ਹਰਜਿੰਦਰ ਪਾਲ ਹੈਪੀ ਨੇ ਦੋਸ਼ ਲਗਾਇਆ ਕਿ ਅੱਜ ਤੱਕ ਕਿਸੇ ਵੀ ਸੰਬੰਧਿਤ ਅਧਿਕਾਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਨਾ ਤਾਂ ਪੁਲ ਦੀ ਤਕਨੀਕੀ ਜਾਂਚ ਕਰਵਾਈ ਗਈ ਹੈ ਅਤੇ ਨਾ ਹੀ ਭਾਰੀ ਵਾਹਨਾਂ ‘ਤੇ ਕੋਈ ਪਾਬੰਦੀ ਲਗਾਈ ਗਈ ਹੈ। ਜੇਕਰ ਕਿਸੇ ਅਣਚਾਹੇ ਹਾਦਸੇ ਦੌਰਾਨ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਪ੍ਰਸ਼ਾਸਨ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗਾ।ਇਲਾਕਾ ਵਾਸੀਆਂ ਨੇ ਵੀ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਤੁਰੰਤ ਪੁਲ ਦੀ ਮੁਰੰਮਤ ਕਰਵਾਈ ਜਾਵੇ ਅਤੇ ਭਾਰੀ ਟਿੱਪਰਾਂ ਲਈ ਵੱਖਰਾ ਰਸਤਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਆਮ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਕਦਮ ਨਾ ਚੁੱਕੇ ਜਾਣ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।