ਵਿਧਾਇਕ ਜਿੰਪਾ ਨੇ ਪਾਰਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ 34 ਵਿੱਚ ਪਾਰਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
Publish Date: Wed, 18 Feb 2026 05:10 PM (IST)
Updated Date: Thu, 19 Feb 2026 04:04 AM (IST)

16.25 ਲੱਖ ਦੀ ਲਾਗਤ ਨਾਲ ਬਣੇਗਾ ਹਰਾ-ਭਰਾ ਪਾਰਕ, ਲੋਕਾਂ ਨੂੰ ਮਿਲੇਗਾ ਸਿਹਤਮੰਦ ਵਾਤਾਵਰਣ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਸਰਵਪੱਖੀ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸ਼ਹਿਰ ਦੇ ਵਾਰਡ ਨੰਬਰ 34 ਵਿੱਚ 16 ਲੱਖ 25 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦੇ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਜਿੰਪਾ ਨੇ ਕਿਹਾ ਕਿ ਪਾਰਕ ਦੇ ਨਿਰਮਾਣ ਨਾਲ ਇਲਾਕੇ ਦੇ ਵਸਨੀਕਾਂ ਨੂੰ ਸਾਫ਼, ਹਰਾ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਹਰੇ-ਭਰੇ ਖੇਤਰਾਂ ਦਾ ਵਿਕਾਸ ਸਮੇਂ ਦੀ ਮਹੱਤਵਪੂਰਨ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪਾਰਕ ਬੱਚਿਆਂ ਦੇ ਖੇਡਣ, ਬਜ਼ੁਰਗਾਂ ਦੇ ਸੈਰ ਕਰਨ ਅਤੇ ਇਲਾਕਾ ਨਿਵਾਸੀਆਂ ਲਈ ਆਪਸੀ ਮਿਲਾਪ ਦਾ ਕੇਂਦਰ ਬਣੇਗਾ। ਨਾਲ ਹੀ, ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਜੀਵਨ ਪੱਧਰ ਮਿਲ ਸਕੇ। ਵਿਧਾਇਕ ਜਿੰਪਾ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਦਾ ਕੰਮ ਨਿਰਧਾਰਤ ਸਮਾਂ-ਸੀਮਾ ਅੰਦਰ ਅਤੇ ਗੁਣਵੱਤਾਪੂਰਨ ਢੰਗ ਨਾਲ ਪੂਰਾ ਕੀਤਾ ਜਾਵੇ। ਇਸ ਮੌਕੇ ਕੌਂਸਲਰ ਵਿਜੇ ਅਗਰਵਾਲ, ਅਜੇ ਵਰਮਾ, ਰਾਕੇਸ਼ ਮੋਹਨ, ਪ੍ਰਦੀਪ ਨਕੜਾ, ਕਰਨਲ ਨਕੜਾ, ਸੁਰਜੀਤ ਸਿੰਘ, ਰਾਜ ਕੁਮਾਰ ਸਿੱਕਾ, ਪ੍ਰਦੀਪ ਕਪੂਰ, ਅਤੇ ਪੰਡਿਤ ਰਾਕੇਸ਼ ਕੁਮਾਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਇਲਾਕਾ ਨਿਵਾਸੀਆਂ ਨੇ ਪਾਰਕ ਦੇ ਨਿਰਮਾਣ ਕਾਰਜ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਵਾਰਡ ਦੀ ਸੁੰਦਰਤਾ ਵਧੇਗੀ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਣਾ ਮਿਲੇਗੀ।