ਪੰਜਾਬ ਰੋਡਵੇਜ਼-ਪਨਬਸ ਵਰਕਰ ਯੂਨੀਅਨ ਦੀ ਹੜਤਾਲ ਨਾਲ ਬੱਸਾਂ ਦਾ ਚੱਕਾ ਜਾਮ, ਯਾਤਰੀ ਰਹੇ ਪ੍ਰੇਸ਼ਾਨ
ਪੰਜਾਬ ਰੋਡਵੇਜ਼-ਪਨਬਸ ਵਰਕਰ ਯੂਨੀਅਨ ਦੀ ਹੜਤਾਲ ਨਾਲ ਬੱਸਾਂ ਦਾ ਚੱਕਾ ਜਾਮ, ਯਾਤਰੀ ਰਹੇ ਪ੍ਰੇਸ਼ਾਨ
Publish Date: Wed, 11 Feb 2026 06:57 PM (IST)
Updated Date: Thu, 12 Feb 2026 04:03 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਰੋਡਵੇਜ਼-ਪਨਬਸ ਵਰਕਰ ਯੂਨੀਅਨ ਦੇ ਸੱਦੇ ’ਤੇ ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ ਹੁਸ਼ਿਆਰਪੁਰ ਡਿਪੋ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ। ਹੜਤਾਲ ਕਾਰਨ ਰੋਡਵੇਜ਼ ਅਤੇ ਪਨਬਸ ਦੀਆਂ ਬੱਸਾਂ ਨਾ ਚੱਲਣ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੜਤਾਲ ਦੇ ਚਲਦੇ ਯਾਤਰੀ ਤਾਂ ਪ੍ਰੇਸ਼ਾਨ ਰਹੇ ਹੀ, ਨਾਲ ਹੀ ਸਰਕਾਰੀ ਬੱਸਾਂ ਦੇ ਨਾ ਚੱਲਣ ਕਾਰਨ ਪੰਜਾਬ ਸਰਕਾਰ ਨੂੰ ਵੀ ਵਿੱਤੀ ਨੁਕਸਾਨ ਝੱਲਣਾ ਪਿਆ। ਬੱਸਾਂ ਦੇ ਬੰਦ ਰਹਿਣ ਨਾਲ ਸਰਕਾਰ ਨੂੰ ਇੱਕ ਦਿਨ ਵਿੱਚ ਲਗਭਗ ਦੋ ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਪੰਜਾਬ ਰੋਡਵੇਜ਼-ਪਨਬਸ ਵਰਕਰ ਯੂਨੀਅਨ ਦੀ ਹੜਤਾਲ ਕਾਰਨ ਹੁਸ਼ਿਆਰਪੁਰ ਡਿਪੋ ਤੋਂ ਚੱਲਣ ਵਾਲੀਆਂ 76 ਬੱਸਾਂ ਸੜਕਾਂ ’ਤੇ ਨਹੀਂ ਉਤਰੀਆਂ। ਇਸ ਨਾਲ ਪਠਾਨਕੋਟ, ਟਾਂਡਾ, ਬਟਾਲਾ, ਅੰਮ੍ਰਿਤਸਰ, ਸ਼ਿਮਲਾ ਅਤੇ ਚੰਡੀਗੜ੍ਹ ਦੇ ਕਈ ਰੂਟ ਪ੍ਰਭਾਵਿਤ ਰਹੇ। ਇਸ ਤੋਂ ਇਲਾਵਾ ਦਿੱਲੀ ਜਾਣ ਵਾਲੀਆਂ ਵਾਲਵੋ ਬੱਸਾਂ ਵੀ ਨਹੀਂ ਚੱਲ ਸਕੀਆਂ। ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਪਨਬਸ ਅਤੇ ਰੋਡਵੇਜ਼ ਦੇ ਵਰਕਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ। ਯੂਨੀਅਨ ਨੇ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀ ਮੰਗ ਵੀ ਉਠਾਈ ਹੈ। ਯੂਨੀਅਨ ਨੇ ਮੰਗ ਕੀਤੀ ਕਿ ਜਿਨ੍ਹਾਂ ਵਰਕਰਾਂ ਦੀ ਛਾਂਟੀ ਹੋਈ ਹੈ, ਉਨ੍ਹਾਂ ਦੀ ਤੁਰੰਤ ਬਹਾਲੀ ਕੀਤੀ ਜਾਵੇ। ਇਸ ਦੇ ਨਾਲ ਸੰਘਰਸ਼ ਦੌਰਾਨ ਜਿਨ੍ਹਾਂ ਸਾਥੀਆਂ ’ਤੇ ਕੇਸ ਦਰਜ ਕੀਤੇ ਗਏ ਹਨ, ਉਹ ਰੱਦ ਕੀਤੇ ਜਾਣ ਅਤੇ ਜਿਹੜੇ ਵਰਕਰ ਅਜੇ ਵੀ ਜੇਲ੍ਹਾਂ ਵਿੱਚ ਹਨ, ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਯੂਨੀਅਨ ਨੇ ਇਹ ਵੀ ਕਿਹਾ ਕਿ ਕਰਜ਼ਾ ਮੁਕਤ ਬੱਸਾਂ ਨੂੰ ਰੋਡਵੇਜ਼ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਨਵੀਆਂ ਬੱਸਾਂ ਦੀ ਖਰੀਦ ਕੀਤੀ ਜਾਵੇ। ਹੜਤਾਲ ਦੇ ਚਲਦੇ ਜਿੱਥੇ ਸਰਕਾਰ ਨੂੰ ਨੁਕਸਾਨ ਹੋਇਆ, ਉੱਥੇ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਵੱਡਾ ਫਾਇਦਾ ਮਿਲਿਆ। ਸਰਕਾਰੀ ਬੱਸਾਂ ਬੰਦ ਹੋਣ ਕਾਰਨ ਯਾਤਰੀ ਮਜਬੂਰੀ ਵਿੱਚ ਨਿੱਜੀ ਬੱਸਾਂ ਵਿੱਚ ਸਫਰ ਕਰਨ ਲਈ ਮਜਬੂਰ ਹੋਏ, ਜਿਸ ਨਾਲ ਪ੍ਰਾਈਵੇਟ ਬੱਸਾਂ ਦੀਆਂ ਟਿਕਟਾਂ ਦੀ ਮੰਗ ਵਧ ਗਈ। ਬੱਸ ਸਟੈਂਡ ’ਤੇ ਸਰਕਾਰੀ ਬੱਸਾਂ ਨਾ ਲੱਗਣ ਕਾਰਨ ਯਾਤਰੀ ਆਪਣੇ-ਆਪਣੇ ਗੰਤਵ ਸਥਾਨ ਤੱਕ ਪਹੁੰਚਣ ਲਈ ਭਟਕਦੇ ਨਜ਼ਰ ਆਏ। ਖ਼ਾਸ ਕਰਕੇ ਹੋਸ਼ਿਆਰਪੁਰ ਵਿੱਚ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀ ਸਰਕਾਰੀ ਬੱਸਾਂ ਦੇ ਪਾਸ ਹੋਣ ਦੇ ਬਾਵਜੂਦ ਪ੍ਰਾਈਵੇਟ ਬੱਸਾਂ ਵਿੱਚ ਟਿਕਟ ਲੈ ਕੇ ਜਾਣ ਲਈ ਮਜਬੂਰ ਹੋਏ। ਆਈ.ਕੇ. ਗੁਜਰਾਲ ਟੈਕਨੀਕਲ ਕਾਲਜ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਰਜਨੀ, ਸਿਮਰਨ, ਸੰਗੀਤਾ ਅਤੇ ਕਵਿਤਾ ਨੇ ਦੱਸਿਆ ਕਿ ਉਹ ਦਸੂਹਾ ਅਤੇ ਮੁਕੇਰੀਆਂ ਤੋਂ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਵੇਰੇ ਬੱਸਾਂ ਚੱਲ ਰਹੀਆਂ ਸਨ, ਪਰ ਵਾਪਸੀ ਵੇਲੇ ਹੜਤਾਲ ਦਾ ਪਤਾ ਲੱਗਿਆ ਅਤੇ ਉਹ ਪਿਛਲੇ ਇੱਕ ਘੰਟੇ ਤੋਂ ਬੱਸ ਦੀ ਉਡੀਕ ਕਰ ਰਹੀਆਂ ਹਨ। ਇਸ ਮੌਕੇ ਹੁਸ਼ਿਆਰਪੁਰ ਡਿਪੋ ਯੂਨੀਅਨ ਪ੍ਰਧਾਨ ਰਮਿੰਦਰ ਸਿੰਘ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਅਣਮਿਆਦੀ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰੀ ਪ੍ਰਥਾ ਵਧਣ ਕਾਰਨ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਸਰਕਾਰ ਦੀਆਂ ਨੀਤੀਆਂ ਮਜ਼ਦੂਰ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਅਤੇ ਜੇਲ੍ਹ ਵਿੱਚ ਬੰਦ ਵਰਕਰਾਂ ਦੀ ਰਿਹਾਈ ਲਈ 12 ਫਰਵਰੀ ਨੂੰ ਮੁੱਖ ਮੰਤਰੀ ਦੇ ਸੰਗਰੂਰ ਸਥਿਤ ਨਿਵਾਸ ਅੱਗੇ ਧਰਨਾ ਦਿੱਤਾ ਜਾਵੇਗਾ। ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।