ਸਰਕਾਰੀ ਹਸਪਤਾਲਾਂ ਵਿੱਚ ਕੁਸ਼ਟ ਰੋਗ ਦਾ ਮੁਫ਼ਤ ਤੇ ਪੂਰਾ ਇਲਾਜ ਸੰਭਵ : ਡਾ. ਰੋਬਿਨ
ਸਰਕਾਰੀ ਹਸਪਤਾਲਾਂ ਵਿੱਚ ਕੁਸ਼ਟ ਰੋਗ ਦਾ ਮੁਫ਼ਤ ਅਤੇ ਪੂਰਾ ਇਲਾਜ਼ ਸੰਭਵ : ਡਾ. ਰੋਬਿਨ
Publish Date: Sat, 31 Jan 2026 04:51 PM (IST)
Updated Date: Sun, 01 Feb 2026 04:05 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਵਿਸ਼ਵ ਲੈਪਰੋਸੀ ਡੇਅ ਦੇ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਜ਼ਿਲ੍ਹਾ ਲੈਪਰੋਸੀ ਕੰਟਰੋਲ ਅਫਸਰ ਡਾ. ਰੋਬਿਨ, ਚਮੜੀ ਰੋਗ ਮਾਹਿਰ ਡਾ. ਸੋਰਵ, ਡਾ. ਸਨਮ, ਡਾ. ਲਕਸ਼ਮੀਕਾਂਤ ਸਮੇਤ ਹੋਰ ਮਾਹਿਰ ਡਾਕਟਰਾਂ ਵੱਲੋਂ ਕੁਸ਼ਟ ਰੋਗ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰਤੀਬੱਧਤਾ ਦੀ ਸਹੁੰ ਚੁੱਕੀ ਗਈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਡਾ. ਰੋਬਿਨ ਨੇ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਨਾਲ ਠੀਕ ਹੋਣ ਯੋਗ ਬੀਮਾਰੀ ਹੈ ਅਤੇ ਇਸ ਦਾ ਇਲਾਜ਼ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਮਾਈਕਰੋ ਬੈਕਟੀਰੀਅਮ ਲੈਪਰੇ ਨਾਮਕ ਜੀਵਾਣੂ ਕਾਰਨ ਹੁੰਦਾ ਹੈ। ਲੋਕਾਂ ਵਿੱਚ ਇਹ ਗਲਤ ਧਾਰਣਾ ਹੈ ਕਿ ਇਹ ਪਾਪਾਂ ਦਾ ਫਲ ਹੈ, ਜਦਕਿ ਹਕੀਕਤ ਵਿੱਚ ਇਹ ਇੱਕ ਛੂਤ ਦੀ ਬੀਮਾਰੀ ਹੈ ਜੋ ਖੰਘਣ ਜਾਂ ਛਿੱਕਣ ਦੌਰਾਨ ਡਰੌਪਲੈਟ ਇਨਫੈਕਸ਼ਨ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲੱਗ ਸਕਦੀ ਹੈ ਅਤੇ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਡਾ. ਰੋਬਿਨ ਨੇ ਅਪੀਲ ਕੀਤੀ ਕਿ ਕੁਸ਼ਟ ਰੋਗ ਨਾਲ ਪੀੜਤ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ, ਸਗੋਂ ਉਸਦੀ ਸਮਾਜਿਕ ਅਤੇ ਚਿਕਿਤਸਕ ਤੌਰ ’ਤੇ ਪੂਰੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਚਮੜੀ ’ਤੇ ਹਲਕੇ ਪੀਲੇ, ਤਾਂਬੇ ਜਾਂ ਲਾਲ ਰੰਗ ਦੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੇ ਮੁੱਖ ਲੱਛਣ ਹਨ। ਨਸਾਂ ਦੀ ਖਰਾਬੀ ਕਾਰਨ ਚਮੜੀ ਵਿੱਚ ਸੁੰਨਾਪਨ ਆ ਜਾਂਦਾ ਹੈ ਅਤੇ ਪ੍ਰਭਾਵਿਤ ਹਿੱਸੇ ’ਤੇ ਠੰਡ-ਗਰਮੀ ਜਾਂ ਸੱਟ ਦਾ ਅਹਿਸਾਸ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਨਸਾਂ ਮੋਟੀਆਂ ਹੋ ਜਾਂਦੀਆਂ ਹਨ, ਮਾਸਪੇਸ਼ੀਆਂ ਕੰਮ ਕਰਨਾ ਛੱਡ ਦਿੰਦੀਆਂ ਹਨ ਅਤੇ ਸਰੀਰ ਦੇ ਅੰਗ ਮੁੜ ਜਾਣ ਜਾਂ ਅੰਗਹੀਣਤਾ ਤੱਕ ਦੀ ਨੌਬਤ ਆ ਸਕਦੀ ਹੈ। ਪਰ ਬਹੁ-ਔਸ਼ਧੀ ਇਲਾਜ (ਐੱਮ.ਡੀ.ਟੀ.) ਨਾਲ ਕੁਸ਼ਟ ਰੋਗ ਦਾ 100 ਫੀਸਦੀ ਇਲਾਜ਼ ਸੰਭਵ ਹੈ। ਦਾਗਾਂ ਦੀ ਗਿਣਤੀ ਅਨੁਸਾਰ ਇਸ ਨੂੰ ਘੱਟ ਜਿਰਮੀ ਅਤੇ ਬਹੁ ਜਿਰਮੀ ਕੁਸ਼ਟ ਰੋਗ ਵਿੱਚ ਵੰਡਿਆ ਜਾਂਦਾ ਹੈ। ਅੰਗਹੀਣਤਾ ਤੋਂ ਬਚਾਅ ਲਈ ਉਨ੍ਹਾਂ ਸਲਾਹ ਦਿੱਤੀ ਕਿ ਚਮੜੀ ਨੂੰ ਸੁੱਕਣ ਤੋਂ ਬਚਾਉਣ ਲਈ ਤੇਲ ਅਤੇ ਪਾਣੀ ਨਾਲ ਮਾਲਿਸ਼ ਕਰਨੀ ਚਾਹੀਦੀ ਹੈ, ਹੱਥਾਂ ਤੇ ਪੈਰਾਂ ਨੂੰ ਰੋਜ਼ਾਨਾ ਅੱਧੇ ਘੰਟੇ ਲਈ ਪਾਣੀ ਵਿੱਚ ਡੁੱਬੋ ਕੇ ਰੱਖਣਾ ਚਾਹੀਦਾ ਹੈ ਅਤੇ ਕਮਜ਼ੋਰ ਹੋਏ ਅੰਗਾਂ ਲਈ ਦੱਸੀਆਂ ਗਈਆਂ ਸੁਪੋਰਟਿਵ ਕਸਰਤਾਂ ਨਿਯਮਿਤ ਕਰਨੀ ਚਾਹੀਦੀਆਂ ਹਨ। ਡਾ. ਰੋਬਿਨ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਦੀ ਚਮੜੀ ’ਤੇ ਕੋਈ ਐਸਾ ਨਿਸ਼ਾਨ ਹੋਵੇ ਜੋ ਸੁੰਨ ਹੋਵੇ ਅਤੇ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਇਲਾਜ ਕਰ ਕੇ ਬੀਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕੇ।