ਨਗਰ ਸੁਧਾਰ ਟਰਸਟ ਦਫ਼ਤਰ ਦੀ ਨਿਲਾਮੀ ਹੋਣਾ ਦੁੱਖਦਾਇਕ
ਨਗਰ ਸੁਧਾਰ ਟਰਸਟ ਦਫ਼ਤਰ ਦੀ ਨਿਲਾਮੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ: ਐਡਵੋਕੇਟ ਮਰਵਾਹਾ
Publish Date: Sat, 31 Jan 2026 04:30 PM (IST)
Updated Date: Sun, 01 Feb 2026 04:04 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਰਕਾਰ ਦੀ ਅਣਦੇਖੀ, ਉਦਾਸੀਨਤਾ ਅਤੇ ਨਾਕਾਮੀ ਦੇ ਚਲਦੇ ਹੁਸ਼ਿਆਰਪੁਰ ਨਗਰ ਸੁਧਾਰ ਟਰਸਟ ਦਫ਼ਤਰ ਦੀ ਇਮਾਰਤ ਦੀ ਨਿਲਾਮੀ ਹੋਣਾ ਬਹੁਤ ਹੀ ਦੁਖਦਾਈ ਗੱਲ ਹੈ ਅਤੇ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਇਹ ਗੱਲ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਨੇ ਨਿਲਾਮੀ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ ਕਿ ਇਸ ਮਾਮਲੇ ਵੱਲ ਸਮੇਂ ਸਿਰ ਕੋਈ ਧਿਆਨ ਨਹੀਂ ਦਿੱਤਾ ਗਿਆ। ਜੇਕਰ ਸਰਕਾਰ ਚਾਹੁੰਦੀ ਤਾਂ ਸਮੇਂ ਰਹਿੰਦਿਆਂ ਟਰਸਟ ਨੂੰ ਫੰਡ ਜਾਰੀ ਕਰ ਕੇ ਅਧਿਕਾਰੀਆਂ ਨੂੰ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢਣ ਦਾ ਮੌਕਾ ਦਿੱਤਾ ਜਾ ਸਕਦਾ ਸੀ, ਪਰ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਐਡਵੋਕੇਟ ਮਰਵਾਹਾ ਨੇ ਕਿਹਾ ਕਿ ਉਹ ਖੁਦ ਵੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਹਿ ਚੁੱਕੇ ਹਨ, ਇਸ ਲਈ ਇਸ ਨਿਲਾਮੀ ਨੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਵੀ ਗਹਿਰਾ ਸਦਮਾ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ਹਿਰ ਦੇ ਵਿਕਾਸ ਵਿੱਚ ਮੁੱਖ ਤੌਰ ’ਤੇ ਦੋ ਏਜੰਸੀਆਂ ਨਗਰ ਨਿਗਮ ਤੇ ਨਗਰ ਸੁਧਾਰ ਟਰੱਸਟ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਪਰ ਨਗਰ ਸੁਧਾਰ ਟਰਸਟਾਂ ਪ੍ਰਤੀ ਸਰਕਾਰਾਂ ਦਾ ਰਵੱਈਆ ਹਮੇਸ਼ਾਂ ਉਦਾਸੀਨ ਹੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਵੀ ਨਗਰ ਸੁਧਾਰ ਟਰਸਟ ਨੂੰ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਸੀ ਅਤੇ ਮੌਜੂਦਾ ਸਰਕਾਰ ਦੇ ਦੌਰਾਨ ਵੀ ਗ੍ਰਾਂਟ ਨਾ ਮਿਲਣ ਕਾਰਨ ਅਜਿਹੀ ਸਥਿਤੀ ਬਣੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨਗਰ ਸੁਧਾਰ ਟਰਸਟਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸਮੇਂ-ਸਮੇਂ ’ਤੇ ਗ੍ਰਾਂਟਾਂ ਜਾਰੀ ਕੀਤੀਆਂ ਜਾਣ ਅਤੇ ਵਿਕਾਸ ਕਾਰਜਾਂ ਨਾਲ ਜੁੜੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ, ਤਾਂ ਜੋ ਆਰਥਿਕ ਤੰਗੀ ਨਾਲ ਜੂਝ ਰਹੇ ਟਰਸਟਾਂ ਦੀ ਹਾਲਤ ਸੁਧਰ ਸਕੇ। ਐਡਵੋਕੇਟ ਮਰਵਾਹਾ ਨੇ ਕਿਹਾ ਕਿ ਸਰਕਾਰ ਦੀ ਉਦਾਸੀਨਤਾ ਕਾਰਨ ਟਰਸਟਾਂ ਨੂੰ ਆਪਣੀ ਆਮਦਨ ਅਤੇ ਖ਼ਰਚ ਦਾ ਪ੍ਰਬੰਧ ਖੁਦ ਹੀ ਕਰਨਾ ਪੈਂਦਾ ਹੈ, ਜੋ ਕਿ ਬਹੁਤ ਮੁਸ਼ਕਲ ਬਣਿਆ ਹੋਇਆ ਹੈ। ਅੰਤ ਵਿੱਚ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਨਗਰ ਸੁਧਾਰ ਟਰਸਟਾਂ ਦੀ ਹਾਲਤ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।