- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਵੀ ਟਿੱਚ ਕਰਕੇ ਜਾਣਦੇ ਹਨ ਉਵਰਲੋਡ ਟਿੱਪਰਾਂ ਵਾਲੇ

ਬੀਤ ਇਲਾਕੇ ’ਚ ਬਿਨਾਂ ਰੋਕ ਟੋਕ ਸੜਕਾਂ ਤੇ ਘੁੰਮ ਰਹੇ ਟਿੱਪਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਣੇਵਾਲ ਬੀਤ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾਂ ਜੈਨ ਵੱਲੋਂ ਨੰਗਲ-ਗੜ੍ਹਸ਼ੰਕਰ ਰੋਡ ਅਤੇ ਜੈਜੋਂ-ਮਾਹਿਲਪੁਰ ਰੋਡ 'ਤੇ ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਟਿੱਪਰਾਂ ਅਤੇ ਟਰੱਕਾਂ ਲਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਆਵਾਜਾਈ ਦਾ ਸਮਾਂ ਨਿਰਧਾਰਤ ਕਰਨ ਤੇ ਸਹੀ ਆਵਾਜਾਈ ਨੂੰ ਯਕੀਨੀ ਬਣਾਉਣ ਦਾ ਹੁਕਮ ਦਿੱਤੇ ਹਨ ਅਤੇ ਇਸ ਨੂੰ ਲਾਗੂ ਕਰਨ ਲਈ ਪੁਲਿਸ ਨੂੰ ਹੁਕਮ ਦਿੱਤੇ ਹਨ ਪਰ ਇਹ ਟਿੱਪਰਾਂ ਵਾਲੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਟਿੱਚ ਕਰਕੇ ਜਾਣ ਰਹੇ ਹਨ।
ਇਲਾਕਾ ਬੀਤ ’ਚ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਅਲੱਗ ਅਲੱਗ ਸੜਕਾਂ ’ਤੇ ਇਹ ਟਿੱਪਰ ਘੁੰਮਦੇ ਦੇਖੇ ਗਏ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹਨਾਂ ਉਵਰਲੋਡ ਟਿੱਪਰਾਂ ਕਰਕੇ 18 ਦੇ ਕਰੀਬ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ਓਵਰਲੋਡ ਟਿੱਪਰਾਂ ਦਾ ਸਮਾਂ ਨਿਰਧਾਰਿਤ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਰਾਜਨੀਤਿਕ, ਸਮਾਜਸੇਵੀਆ ਅਤੇ ਇਲਾਕੇ ਦੇ ਲੋਕਾਂ ਵਲੋਂ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਤੇ ਪ੍ਰਸ਼ਾਸਨ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਪਰ ਇਹ ਟਿੱਪਰਾਂ ਵਾਲੇ ਸਰਕਾਰੀ ਆਦੇਸ਼ਾਂ ਨੂੰ ਨਹੀਂ ਮੰਨਦੇ। ਲੋਕਾਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਹੈਂ ਕਿ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ।
ਮਾਈਨਿੰਗ ਸਮੱਗਰੀ ਨਾਲ ਭਰੇ ਟਿੱਪਰਾਂ ਸੰਬੰਧੀ ਹੁਕਮ ਸਖ਼ਤੀ ਨਾਲ ਲਾਗੂ ਕੀਤੇ ਜਾਣ : ਅਜੈਬ ਸਿੰਘ ਬੋਪਾਰਾਏ
ਇਸ ਬਾਰੇ ਗੱਲਬਾਤ ਕਰਦਿਆਂ ਆਲ ਇੰਡੀਆ ਜੱਟ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਇੰਚਾਰਜ ਅਜੈਬ ਸਿੰਘ ਬੋਪਾਰਾਏ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵਲੋਂ ਗੜ੍ਹਸ਼ੰਕਰ-ਨੰਗਲ ਰੋਡ ਤੇ ਜੇਜੋਂ ਮਾਹਿਲਪੁਰ ਰੋਡ 'ਤੇ ਮਾਈਨਿੰਗ ਸਮੱਗਰੀ ਲੈ ਕੇ ਜਾਣ ਵਾਲੇ ਟਿੱਪਰਾਂ ਅਤੇ ਟਰੱਕਾਂ ਲਈ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਆਵਾਜਾਈ ਦਾ ਸਮਾਂ ਨਿਰਧਾਰਿਤ ਕੀਤਾ ਤੇ ਸਹੀ ਆਵਾਜਾਈ ਨੂੰ ਯਕੀਨੀ ਬਣਾਉਣ ਦਾ ਹੁਕਮ ਇਕ ਚੰਗਾ ਕਦਮ ਹੈ। ਇਸ ਕਦਮ ਨਾਲ ਭਵਿੱਖ ਵਿਚ ਹੋਣ ਵਾਲੇ ਸੜਕ ਹਾਦਸਿਆਂ ਨੂੰ ਠੱਲ੍ਹ ਪੈ ਸਕਦੀ ਹੈ। ਬੀਤੇ ਦਿਨੀਂ ਮਾਹਿਲਪੁਰ ਵਿਚ ਇਕ ਦਰਦਨਾਕ ਹਾਦਸੇ ਵਿਚ ਇਕ ਲੜਕੀ ਦੀਆਂ ਲੱਤਾਂ ਟਿੱਪਰ ਨਾਲ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਲਈ ਪੁਲਿਸ ਦੇ ਅਧਿਕਾਰੀਆਂ ਨੂੰ ਪਹਿਲਕਦਮੀ ਕਰਨੀਂ ਚਾਹੀਦੀ ਹੈ ਤਾਂ ਕਿ ਸੜਕਾਂ ਤੇ ਘੁੰਮ ਰਹੇ ਇਹਨਾਂ ਮੌਤ ਦੇ ਸੌਦਾਗਰਾ ਨੂੰ ਨੱਥ ਪਾਈ ਜਾ ਸਕੇ।
ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਲਾਗੂ ਕੀਤਾ ਜਾਵੇਗਾ : ਚੌਕੀ ਇੰਚਾਰਜ ਬੀਣੇਵਾਲ
ਇਸ ਬਾਰੇ ਗੱਲਬਾਤ ਕਰਦਿਆਂ ਚੌਕੀ ਇੰਚਾਰਜ ਬੀਣੇਵਾਲ ਬੀਤ ਏਐਸਆਈ ਉਂਕਾਰ ਸਿੰਘ ਨੇ ਕਿਹਾ ਕਿ ਉਚ ਅਧਿਕਾਰੀਆਂ ਵਲੋਂ ਦਿੱਤੇ ਹੁਕਮਾਂ ਨੂੰ ਇੰਨ-ਭਿੰਨ ਲਾਗੂ ਕਰਵਾਇਆ ਜਾਵੇਗਾ। ਉਹਨਾਂ ਟਿੱਪਰਾਂ ਵਾਲਿਆਂ ਨੂੰ ਅਪੀਲ ਕੀਤੀ ਕਿ ਦਿੱਤੇ ਸਮੇਂ ਅਨੁਸਾਰ ਹੀ ਸੜਕਾਂ ’ਤੇ ਆਉਣ ਨਹੀਂ ਤਾਂ ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।