ਪੜ੍ਹਾਈ ਲਈ ਮਦਦਗਾਰ ‘ਹਿਜ਼ ਹੈਲਪਿੰਗ ਹੈਂਡ’ ਐਪ ਤਿਆਰ
ਹਿਜ਼ ਇੰਸਟੀਚਿਊਟ ਦੇ 2 ਵਿਦਿਆਰਥੀਆਂ ਵੱਲੋਂ ਪੜ੍ਹਾਈ ਲਈ ਮਦਦਗਾਰ “ਹਿਜ਼ ਹੈਲਪਿੰਗ ਹੈਂਡ (ਟ੍ਰਿਪਲ-ਐਚ)” ਐਪ ਤਿਆਰ
Publish Date: Sun, 25 Jan 2026 04:02 PM (IST)
Updated Date: Mon, 26 Jan 2026 04:01 AM (IST)

ਹਿਜ਼ ਇੰਸਟੀਚਿਊਟ ਦੇ 2 ਵਿਦਿਆਰਥੀਆਂ ਵੱਲੋਂ ਕੀਤੀ ਗਈ ਤਿਆਰ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹਿਜ਼ ਇੰਸਟੀਚਿਊਟ ਦੇ ਹੋਣਹਾਰ 2 ਵਿਦਿਆਰਥੀਆਂ ਨੇ ਆਪਣੀ ਤਕਨੀਕੀ ਸਮਝ ਅਤੇ ਨਵੀਨ ਸੋਚ ਨਾਲ ਪੜ੍ਹਾਈ ਨੂੰ ਆਸਾਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਸੰਸਥਾ ਦੇ ਤਿੰਨ ਵਿਦਿਆਰਥੀ ਜਸਨੂਰ ਸਿੰਘ ਬਡਵਾਲ, ਰਾਸ਼ੀ ਸੁਦ ਅਤੇ ਸ੍ਰਿਸ਼ਟੀ ਜਗੋਪੋਤਰਾ ਵੱਲੋਂ ਤਿਆਰ ਕੀਤੀ ਗਈ “ਹਿਜ਼ ਹੈਲਪਿੰਗ ਹੈਂਡ (ਟ੍ਰਿਪਲ-ਐਚ)” ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਆਧੁਨਿਕ ਸਿੱਖਿਆਈ ਪਲੇਟਫਾਰਮ ਸਾਬਿਤ ਹੋ ਰਹੀ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਐਪ ਨੂੰ ਸਖ਼ਤ ਮਿਹਨਤ ਅਤੇ ਕੋਡਿੰਗ ਰਾਹੀਂ ਤਿਆਰ ਕੀਤਾ ਗਿਆ ਹੈ, ਜਿਸਦਾ ਮਕਸਦ ਸਿੱਖਿਆ ਅਤੇ ਸਹਾਇਤਾ ਵਿਚਕਾਰਲੇ ਪਾੜੇ ਨੂੰ ਖਤਮ ਕਰਨਾ ਹੈ। ਜਸਨੂਰ ਸਿੰਘ ਬਡਵਾਲ ਨੇ ਐਪ ਦੇ ਤਕਨੀਕੀ ਢਾਂਚੇ ’ਤੇ ਕੰਮ ਕੀਤਾ, ਜਦਕਿ ਰਾਸ਼ੀ ਸੁਦ ਅਤੇ ਸ੍ਰਿਸ਼ਟੀ ਜਗੋਪੋਤਰਾ ਨੇ ਯੂਜ਼ਰ ਇੰਟਰਫੇਸ ਅਤੇ ਕੰਟੈਂਟ ਮੈਨੇਜਮੈਂਟ ਨੂੰ ਸੁਗਮ ਅਤੇ ਵਰਤੋਂਕਾਰ-ਦੋਸਤ ਬਣਾਇਆ। ਇਸ ਐਪ ਰਾਹੀਂ ਵਿਦਿਆਰਥੀ ਪੜ੍ਹਾਈ ਨਾਲ ਸੰਬੰਧਤ ਸਮੱਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਆਪਣੀਆਂ ਅਕਾਦਮਿਕ ਸ਼ੰਕਾਵਾਂ ਦਾ ਤੁਰੰਤ ਹੱਲ ਵੀ ਲੈ ਸਕਦੇ ਹਨ। ਐਪ ਵਿੱਚ ਮੌਜੂਦ “ਸਟੱਡੀ ਬੱਡੀ” ਫੀਚਰ ਵਿਦਿਆਰਥੀਆਂ ਨੂੰ ਸਰਲ ਭਾਸ਼ਾ ਵਿੱਚ ਵਿਸ਼ਿਆਂ ਦੀ ਸਮਝ ਦਿੰਦਾ ਹੈ, ਜਿਸ ਨਾਲ ਕਠਿਨ ਵਿਸ਼ੇ ਵੀ ਆਸਾਨ ਲੱਗਣ ਲੱਗ ਪੈਂਦੇ ਹਨ। ਇਸਦੇ ਨਾਲ ਵਿਦਿਆਰਥੀ ਆਪਣੀ ਪ੍ਰਗਤੀ ਨੂੰ ਟ੍ਰੈਕ ਕਰ ਸਕਦੇ ਹਨ ਅਤੇ ਕਮਜ਼ੋਰ ਵਿਸ਼ਿਆਂ ’ਤੇ ਵਧੇਰੇ ਧਿਆਨ ਦੇ ਸਕਦੇ ਹਨ। ਅਧਿਆਪਕਾਂ ਲਈ ਵੀ ਇਹ ਐਪ ਕਾਫ਼ੀ ਲਾਭਦਾਇਕ ਹੈ, ਜਿਸ ਰਾਹੀਂ ਉਹ ਕਲਾਸਾਂ ਬਣਾਉਣ, ਵਿਦਿਆਰਥੀਆਂ ਨੂੰ ਜੋੜਣ, ਹੋਮਵਰਕ, ਨੋਟਸ ਅਤੇ ਜ਼ਰੂਰੀ ਸੂਚਨਾਵਾਂ ਸਿੱਧੀਆਂ ਸਾਂਝੀਆਂ ਕਰ ਸਕਦੇ ਹਨ। ਇਸ ਨਾਲ ਅਧਿਆਪਕ ਅਤੇ ਵਿਦਿਆਰਥੀ ਦਰਮਿਆਨ ਸੰਪਰਕ ਹੋਰ ਮਜ਼ਬੂਤ ਬਣਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਹਿਜ਼ ਇੰਸਟੀਚਿਊਟ ਦੇ ਡਾਇਰੈਕਟਰ ਡਾ. ਆਸ਼ੀਸ਼ ਸਰੀਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਦਰਸ਼ੀ ਸੋਚ, ਮਾਰਗਦਰਸ਼ਨ ਅਤੇ ਨਿਰੰਤਰ ਪ੍ਰੇਰਨਾ ਨਾਲ ਹੀ ਇਹ ਨਵੀਨ ਉਪਰਾਲਾ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਡਾ. ਸਰੀਨ ਵੱਲੋਂ ਸਦਾ ਡਿਜ਼ੀਟਲ ਹੱਲਾਂ, ਆਧੁਨਿਕ ਸਿੱਖਿਆ ਪ੍ਰਣਾਲੀ ਅਤੇ ਨਵੇਂ ਵਿਚਾਰਾਂ ਨੂੰ ਉਤਸ਼ਾਹ ਮਿਲਦਾ ਰਿਹਾ ਹੈ, ਜੋ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ।