ਮਿਉਂਸੀਪਲ ਪੈਨਸ਼ਨਰਾਂ ਦੀਆਂ ਮੰਗਾਂ ਮੰਨੇ ਸਰਕਾਰ : ਸ਼ਿੰਗਾਰਾ ਸਿੰਘ
ਮਿਉਂਸੀਪਲ ਪੈਨਸ਼ਨਰਾਂ ਦੀਆਂ ਮੰਗਾਂ ਮੰਨੇ ਪੰਜਾਬ ਸਰਕਾਰ " ਸ਼ਿੰਗਾਰਾ ਸਿੰਘ "
Publish Date: Mon, 12 Jan 2026 04:41 PM (IST)
Updated Date: Tue, 13 Jan 2026 04:03 AM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ: ਮਿਉਂਸੀਪਲ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਟਾਂਡਾ ਦੀ ਇੱਕ ਅਹਿਮ ਮੀਟਿੰਗ ਟਾਂਡਾ ਵਿਖੇ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਹਿੱਸਾ ਲਿਆ। ਇਸ ਮੌਕੇ ਆਪਣੀ ਪੈਨਸ਼ਨ ਦਾ ਬਣਦਾ ਬਕਾਇਆ ਨਾ ਦੇਣ ਅਤੇ ਕਾਫ਼ੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪ੍ਰਵਾਨ ਨਾ ਕਰਨ ਤੋਂ ਇਲਾਵਾ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਰੋਸ ਦਾ ਪ੍ਰਗਟਾਵਾ ਕਰਦੇ ਹੋਏ ਅਗਲੀ ਰਣਨੀਤੀ ਤਿਆਰ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ’ਤੇ ਹਾਜਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼ਿੰਗਾਰਾ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਮਿਉਂਸੀਪਲ ਐਸੋਸੀਏਸ਼ਨ ਕਾਫੀ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲਾਂ ਕਰ ਰਹੀ ਹੈ ਪਰ ਮਾਨ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਸਾਡੀਆਂ ਮੰਗਾਂ ਅਨੁਸਾਰ ਇੱਕ ਜਨਵਰੀ 2016 ਤੋਂ ਲੈ ਕੇ ਅੱਜ ਤੱਕ ਦਾ ਬਣਦਾ ਬਕਾਇਆ ਦਿੱਤਾ ਜਾਵੇ ਤੇ ਡੀ.ਏ ਦੀਆਂ 16% ਦੇ ਹਿਸਾਬ ਨਾਲ ਬਣਦੀਆਂ ਕਿਸ਼ਤਾਂ ਦਿੱਤੀਆਂ ਜਾਣ। ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਨ 2.59% ਨਾਲ ਸੋਧੀ ਜਾਵੇ ਅਤੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤਾਂ ਜੋ ਮਿਉਂਸੀਪਲ ਪੈਨਸ਼ਨ ਦੇ ਬਣਦੇ ਹੱਕ ਉਨ੍ਹਾਂ ਨੂੰ ਮਿਲ ਸਕਣ। ਮਾਨ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਸਾਡੀ ਸਰਕਾਰ ਬਣਨ ਤੇ ਜਿੱਥੇ ਪੰਜਾਬ ਦੇ ਵਿਕਾਸ ਬੁਲੰਦੀਆਂ ਨੂੰ ਛੂਹਣਗੇ ਉਥੇ ਪੈਨਸ਼ਨਰਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪ੍ਰਵਾਨ ਕਰ ਲਈਆਂ ਜਾਣਗੀਆਂ। ਮਾਨ ਸਰਕਾਰ ਨੂੰ ਹੋਂਦ ਵਿੱਚ ਆਏ ਚਾਰ ਸਾਲ ਬੀਤ ਗਏ ਹਨ ਪਰ ਇਸ ਸਰਕਾਰ ਨੇ ਅੱਜ ਤੱਕ ਪੰਜਾਬ ਦੇ ਵਿਕਾਸ ਪੂਰੇ ਕਰਨੇ ਤਾਂ ਇੱਕ ਪਾਸੇ ਸਾਡੀ ਐਸੋਸੀਏਸ਼ਨ ਦੀ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ, ਜਿਸ ਕਾਰਨ ਪੈਨਸ਼ਨਾਂ ਦੇ ਮਨਾਂ ਵਿੱਚ ਰੋਸ ਦੀ ਭਾਵਨਾ ਵਧਦੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਐਸੋਸੀਏਸ਼ਨ ਦੀਆਂ ਜਾਇਜ਼ ਮੰਗਾਂ ਜਲਦ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕਰਦੇ ਹੋਏ ਪੁਤਲਾ ਫੂਕ ਪ੍ਰਦਰਸ਼ਨ ਕਰਾਂਗੇ। ਇਸ ਮੌਕੇ ਚੌਧਰੀ ਰਤਨ ਸਿੰਘ ਸੈਣੀ, ਐਮ.ਪੀ ਸਿੰਘ, ਸੋਮਨਾਥ ਭੱਟੀ, ਸਦਾਨੰਦ, ਸੋਮਨਾਥ ਅਹਿਆਪੁਰ, ਅਮਰੀਕ ਸਿੰਘ ਭੋਗਪੁਰ, ਅਸ਼ੋਕ ਕੁਮਾਰ, ਇਕਬਾਲ ਸਿੰਘ, ਤਰਸੇਮ ਲਾਲ ਭੋਗਪੁਰ, ਦੇਵਰਾਜ, ਬੂਆ ਸਿੰਘ, ਧਰਮ ਚੰਦ ਅਤੇ ਹੋਰ ਐਸੋਸੀਏਸ਼ਨ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟਾਵਾ ਕੀਤਾ।