ਫਰਦ ਕੇਂਦਰ ਕੰਪਿਊਟਰ ਓਪਰੇਟਰਾਂ ਦਿੱਤਾ ਰੋਸ ਧਰਨਾ
ਹੱਕੀ ਮੰਗਾਂ ਨਾ ਮੰਨਣ ’ਤੇ ਫਰਦ ਕੇਂਦਰ ਕੰਪਿਊਟਰ ਓਪਰੇਟਰਾਂ ਵੱਲੋਂ ਰੋਸ
Publish Date: Mon, 12 Jan 2026 04:11 PM (IST)
Updated Date: Tue, 13 Jan 2026 04:01 AM (IST)

ਹੱਕੀ ਮੰਗਾਂ ਨਾ ਮੰਨਣ ’ਤੇ ਰੋਸ ਫਰਦ ਕੇਂਦਰ ਰਹੇ ਬੰਦ ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਫਰਦ ਕੇਂਦਰ ਕੰਪਿਊਟਰ ਓਪਰੇਟਰ ਪੰਜਾਬ ਜੱਥੇਬੰਦੀ ਦੇ ਸੱਦੇ ’ਤੇ ਸਰਕਾਰ ਵੱਲੋਂ ਹੱਕੀ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸੋਮਵਾਰ ਨੂੰ ਸਮੂਹ ਪੰਜਾਬ ਦੇ ਫਰਦ ਕੇਂਦਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਤਹਿਸੀਲਾਂ ਵਿੱਚ ਸਥਿਤ ਫਰਦ ਕੇਂਦਰਾਂ ਨੂੰ ਬੰਦ ਕਰਕੇ ਫਰਦ ਕੇਂਦਰ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਓਪਰੇਟਰਾਂ ਵੱਲੋਂ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਮੌਕੇ ਫਰਦ ਕੇਂਦਰ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪੁਨੀਤ ਕੁਮਾਰ ਨੇ ਕਿਹਾ ਕਿ ਸਮੂਹ ਪੰਜਾਬ ਦੇ ਡਾਟਾ ਐਂਟਰੀ ਓਪਰੇਟਰ ਪਿਛਲੇ 17–18 ਸਾਲਾਂ ਤੋਂ ਫਰਦ ਕੇਂਦਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਕਿਰਤ ਕਾਨੂੰਨਾਂ ਤੋਂ ਵੀ ਘੱਟ 7 ਹਜ਼ਾਰ ਤੋਂ 9,200 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ, ਨਾ ਤਾਂ ਤਨਖਾਹ ਵਿੱਚ ਕੋਈ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਸਮੇਂ ਸਿਰ ਤਨਖਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸੀ.ਐੱਮ.ਐੱਸ. ਕੰਪਿਊਟਰਜ਼ ਕੰਪਨੀ ਵੱਲੋਂ ਕਥਿਤ ਤੌਰ ’ਤੇ ਅਕਤੂਬਰ 2024 ਤੋਂ ਇਹ ਪ੍ਰਥਾ ਅਪਣਾਈ ਜਾ ਰਹੀ ਹੈ ਕਿ 2–3 ਮਹੀਨੇ ਕੰਮ ਕਰਵਾ ਕੇ ਸਿਰਫ਼ ਇੱਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਜਦੋਂ ਕਰਮਚਾਰੀ ਆਪਣੀ ਬਣਦੀ ਤਨਖਾਹ ਦੀ ਮੰਗ ਲਈ ਕਲਮ-ਛੋਡ ਹੜਤਾਲ ਕਰਦੇ ਹਨ ਤਾਂ ਉਹਨਾਂ ਦਿਨਾਂ ਦੀ ਤਨਖਾਹ ਵੀ ਕੱਟ ਲਈ ਜਾਂਦੀ ਹੈ। ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਨੀਤੀ ਤਿਆਰ ਨਹੀਂ ਕੀਤੀ ਗਈ। ਜਿੱਥੇ ਸਰਕਾਰ ਵੱਲੋਂ ਨੀਤੀ ਬਣਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ, ਉਥੇ ਹੀ ਕੰਪਨੀ ਵੱਲੋਂ 31 ਮਾਰਚ 2026 ਤੋਂ ਕੰਮ ਬੰਦ ਕਰਨ ਦਾ ਸੁਨੇਹਾ ਭੇਜ ਦਿੱਤਾ ਗਿਆ ਹੈ, ਜੋ ਕਰਮਚਾਰੀਆਂ ਦੇ ਰੋਜ਼ਗਾਰ ’ਤੇ ਖਤਰਾ ਹੈ। ਫਰਦ ਕੇਂਦਰਾਂ ਦੇ ਡਾਟਾ ਐਂਟਰੀ ਓਪਰੇਟਰਾਂ ਨੂੰ ਮਾਲ ਵਿਭਾਗ ਦੇ ਕੰਮਾਂ ਬਾਰੇ ਪੂਰੀ ਜਾਣਕਾਰੀ ਹੈ, ਇਸ ਲਈ ਸਰਕਾਰ ਉਨ੍ਹਾਂ ਨੂੰ ਪਟਵਾਰੀਆਂ ਜਾਂ ਹੋਰ ਖਾਲੀ ਅਸਾਮੀਆਂ ’ਤੇ ਭਰਤੀ ਕਰੇ। ਯੂਨੀਅਨ ਨੇ ਮੰਗ ਕੀਤੀ ਕਿ ਦਸੰਬਰ 2025 ਦੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ ਅਤੇ ਸਾਰੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਦਲਵਿੰਦਰ ਸਿੰਘ (ਮੀਤ ਪ੍ਰਧਾਨ), ਅਸ਼ੀਸ਼ ਕੁਮਾਰ (ਸੂਬਾ ਪ੍ਰੈੱਸ ਸਕੱਤਰ), ਹਰਮਿੰਦਰ ਸਿੰਘ (ਜਨਰਲ ਸਕੱਤਰ), ਬਿਪਨ ਕੁਮਾਰ (ਸਹਾਇਕ ਜਨਰਲ ਸਕੱਤਰ), ਹਰਪਾਲ ਸਿੰਘ (ਖਜ਼ਾਨਚੀ), ਵਿਕਾਸ ਕੁਮਾਰ, ਸੁਰੇਸ਼ ਕੁਮਾਰ, ਨਿਸ਼ਾ, ਅਜੇ ਕੁਮਾਰ, ਪ੍ਰੀਆ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।