ਸ਼ਹਿਰ ਤੇ ਬੁੱਲੋਵਾਲ ਰੋਡ ’ਤੇ ਗੁੜ ਦੇ ਵੇਲਣਿਆਂ ਦੀ ਚੈਕਿੰਗ
ਹੁਸ਼ਿਆਰਪੁਰ ਸ਼ਹਿਰ ਅਤੇ ਬੁੱਲੋਵਾਲ ਰੋਡ ’ਤੇ ਗੁੜ ਦੇ ਬੇਲਣਿਆਂ ਦੀ ਚੈਕਿੰਗ
Publish Date: Thu, 08 Jan 2026 03:43 PM (IST)
Updated Date: Fri, 09 Jan 2026 04:00 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਲਈ ਚੈਕਿੰਗ ਮੁਹਿੰਮ ਚਲਾਈ ਗਈ। ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਦੀ ਅਗਵਾਈ ਹੇਠ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਵਿੱਚ ਖਾਧ ਪਦਾਰਥ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿੱਥੇ ਗਚਕ ਦਾ ਇੱਕ ਸੈਂਪਲ ਭਰਿਆ ਗਿਆ। ਇਸ ਦੇ ਨਾਲ ਹੀ ਬੁੱਲੋਵਾਲ ਰੋਡ ’ਤੇ ਸਥਿਤ ਗੁੜ ਦੇ ਬੇਲਣਿਆਂ ਦੀ ਵੀ ਚੈਕਿੰਗ ਕੀਤੀ ਗਈ ਤੇ ਉਥੋਂ ਗੁੜ ਦੇ ਦੋ ਸੈਂਪਲ ਇਕੱਠੇ ਕੀਤੇ ਗਏ। ਲੋਹੜੀ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਵੱਲੋਂ ਵੱਧ ਵਰਤੇ ਜਾਣ ਵਾਲੇ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਆਟਾ, ਗੁੜ ਅਤੇ ਗੱਜਕ ਦੇ ਕੁੱਲ ਚਾਰ ਸੈਂਪਲ ਭਰੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਸੈਂਪਲ ਸ਼ਿਕਾਇਤ ਦੇ ਆਧਾਰ ’ਤੇ ਲਿਆ ਗਿਆ। ਸਾਰੇ ਸੈਂਪਲ ਟੈਸਟਿੰਗ ਲਈ ਫੂਡ ਲੈਬ ਖਰੜ ਭੇਜੇ ਗਏ ਹਨ ਅਤੇ ਰਿਪੋਰਟ ਮਿਲਣ ਉਪਰੰਤ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਾਰੇ ਖਾਧ ਪਦਾਰਥ ਵਿਕਰੇਤਾਵਾਂ ਨੂੰ ਐਫ.ਐਸ.ਐਸ.ਏ.ਆਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ, ਵੈਧ ਲਾਇਸੈਂਸ ਰੱਖਣ ਅਤੇ ਸਾਫ਼-ਸੁਥਰੇ ਤਰੀਕਿਆਂ ਨਾਲ ਖਾਧ ਪਦਾਰਥਾਂ ਦੀ ਤਿਆਰੀ ਅਤੇ ਵਿਕਰੀ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਜੇਕਰ ਕੋਈ ਵੀ ਵਿਕਰੇਤਾ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਦਾ ਜਾਂ ਗੁਣਵੱਤਾ ਨਾਲ ਸਮਝੌਤਾ ਕਰਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।