ਘਰ ’ਚੋਂ ਗਹਿਣੇ ਤੇ ਨਕਦੀ ਚੋਰੀ
ਪੁਲਿਸ ਵਾਲੇ ਦੇ ਘਰ ਹੀ ਚੋਰਾਂ ਨੇ ਕਰਤਾ ਵੱਡਾ ਕਾਂਡ
Publish Date: Thu, 11 Jun 2026 03:18 PM (IST)
Updated Date: Thu, 11 Jun 2026 03:23 PM (IST)

ਹਾਜੀਪੁਰ : ਬੀਤੀ ਰਾਤ ਚੋਰਾਂ ਨੇ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਹਾਜੀਪੁਰ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਅਜਮੇਰਾ ਵਿੱਚ ਦੋ ਭਰਾਵਾਂ ਦੇ ਘਰਾਂ ਵਿੱਚ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਪਿਛਲੀ ਖਿੜਕੀ ਰਾਹੀਂ ਘਰ ਵਿੱਚ ਦਾਖਲ ਹੋਏ ਅਤੇ ਇੱਕ-ਇੱਕ ਕਰ ਕੇ 20 ਤੋਲੇ ਸੋਨੇ ਦੇ ਗਹਿਣੇ, 60,000 ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਭਰਾਵਾਂ ਵਿੱਚੋਂ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਇੱਕ ਮਹੀਨਾ ਪਹਿਲਾਂ ਚੋਰਾਂ ਨੇ ਦਸੂਹਾ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਦੋਲੋਵਾਲ ਵਿੱਚ ਵੀ ਇੱਕ ਪੁਲਿਸ ਅਧਿਕਾਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਸੀ। ਘਰ ਦੇ ਮਾਲਕ ਮਾਨ ਸਿੰਘ ਅਤੇ ਸਤਵਿੰਦਰ ਕੌਰ ਨੇ ਕਿਹਾ ਕੱਲ੍ਹ ਰਾਤ ਦੇ ਖਾਣੇ ਤੋਂ ਬਾਅਦ ਅਸੀਂ ਸੌਂਣ ਲਈ ਚਲੇ ਗਏ। ਜਦੋਂ ਅਸੀਂ ਸਵੇਰੇ ਉੱਠੇ ਤਾਂ ਸਾਨੂੰ ਚੋਰੀ ਦਾ ਪਤਾ ਲੱਗਾ। ਚੋਰ ਪਿਛਲੀ ਕੰਧ ਟੱਪ ਕੇ ਖਿੜਕੀ ਦੀ ਗਰਿੱਲ ਤੋੜ ਕੇ ਕਮਰੇ ਵਿੱਚ ਦਾਖਲ ਹੋਏ। ਉਨ੍ਹਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ ਅਤੇ ਅਲਮਾਰੀਆਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਉਹ ਹੋਰ ਕੀਮਤੀ ਸਾਮਾਨ ਵੀ ਲੈ ਗਏ। ਸਤਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਦਾ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ ਗਹਿਣੇ ਉਸ ਦੇ ਕੋਲ ਸਨ। ਚੋਰਾਂ ਨੇ ਉਹ ਵੀ ਚੋਰੀ ਕਰ ਲਏ। ਚੋਰਾਂ ਨੇ ਉਨ੍ਹਾਂ ਦੇ ਦੋਵਾਂ ਘਰਾਂ ਵਿੱਚ ਇੱਕ ਤੋਂ ਬਾਅਦ ਇੱਕ ਚੋਰੀ ਕੀਤੀ ਅਤੇ ਕੁੱਲ 20 ਤੋਲੇ ਸੋਨਾ ਅਤੇ 60,000 ਰੁਪਏ ਚੋਰੀ ਕਰ ਲਏ। ਸਤਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜੋ ਕਿ ਪੰਜਾਬ ਪੁਲਿਸ ਵਿੱਚ ਏਐੱਸਆਈ ਹੈ ਉਹ ਰਾਤ ਦੀ ਡਿਊਟੀ ’ਤੇ ਸੀ। ਹਾਜੀਪੁਰ ਪੁਲਿਸ ਮੌਕੇ ’ਤੇ ਪਹੁੰਚੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮ ਵੱਲੋਂ ਵੀ ਸੈਪਲ ਲਏ ਗਏ ਹਨ ਅਤੇ ਪੂਰੀ ਜਾਂਚ ਕਰ ਰਹੀ ਹੈ। ਹਾਜੀਪੁਰ ਥਾਣੇ ਦੇ ਐੱਸਐੱਚਓ ਅਮਰਜੀਤ ਕੌਰ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਹੀ ਹਿਰਾਸਤ ’ਚ ਲਿਆ ਜਾਵੇਗਾ।