25 ਨੂੰ ਹੁਸ਼ਿਆਰਪੁਰ ਪਹੁੰਚਣਗੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ
25 ਅਪ੍ਰੈਲ ਨੂੰ ਹੁਸ਼ਿਆਰਪੁਰ ਪਹੁੰਚਣਗੇ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਜੀ ਮਹਾਰਾਜ
Publish Date: Wed, 22 Apr 2026 06:27 PM (IST)
Updated Date: Wed, 22 Apr 2026 06:31 PM (IST)

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਧਰਮ ਤੇ ਸੱਭਿਆਚਾਰ ਦੇ ਮਹਾਨ ਪਹਿਰੇਦਾਰ, ਰਿਗਵੇਦੀ ਪੂਰਵਮਨਯ ਸ਼੍ਰੀ ਗੋਵਰਧਨ ਮੱਠ, ਪੁਰੀ ਪੀਠਾਧੀਸ਼ਵਰ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਨਿਸ਼ਚਲਾਨੰਦ ਸਰਸਵਤੀ ਮਹਾਰਾਜ 25 ਅਪ੍ਰੈਲ ਨੂੰ ਹੁਸ਼ਿਆਰਪੁਰ ਪਹੁੰਚ ਰਹੇ ਹਨ। ਪੁਰੀ ਪੀਠਾਧੀਸ਼ਵਰ ਪ੍ਰੀਸ਼ਦ ਵੱਲੋਂ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਭਾਰਤ ਭੂਸ਼ਣ ਵਰਮਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਮਹਾਰਾਜ ਦੇ ਆਗਮਨ ਨੂੰ ਲੈ ਕੇ ਇਲਾਕਾ ਨਿਵਾਸੀਆਂ ਤੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਭਾਰਤ ਭੂਸ਼ਣ ਵਰਮਾ ਨੇ ਦੱਸਿਆ ਕਿ ਟਾਂਡਾ ਰੋਡ ਸਥਿਤ ਆਸ਼ਰਮ ਵਿਚ ਮਹਾਰਾਜ ਸ਼੍ਰੀ ਦੀ ਮੌਜੂਦਗੀ ਵਿਚ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੇ ਠਹਿਰਾਅ ਦੌਰਾਨ ਹਰ ਰੋਜ਼ ਅਧਿਆਤਮਿਕਤਾ, ਧਰਮ ਤੇ ਰਾਸ਼ਟਰ ਨਾਲ ਸਬੰਧਤ ਵਿਸ਼ਿਆਂ ’ਤੇ ਸੈਮੀਨਾਰ ਕਰਵਾਏ ਜਾਣਗੇ। ਸਵੇਰ ਦਾ ਸੈਮੀਨਾਰ ਸਵੇਰੇ 11:30 ਵਜੇ ਤੇ ਸ਼ਾਮ ਦਾ ਸੈਮੀਨਾਰ ਸ਼ਾਮ 6:30 ਵਜੇ ਹੋਵੇਗਾ, ਜਿਸ ਤੋਂ ਬਾਅਦ ਸ਼ਾਮ 7:30 ਵਜੇ ਭੰਡਾਰਾ ਵੀ ਲਗਾਇਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ 27 ਅਪ੍ਰੈਲ ਨੂੰ ਸਵੇਰੇ 11 ਵਜੇ ਪਾਟੋਤਸਵ ਮਨਾਇਆ ਜਾਵੇਗਾ, ਜਿਸ ਦੌਰਾਨ ਦੇਵੀ ਵਿਮਲੰਬਾ ਦੇਵੀ ਦੀ ਮੂਰਤੀ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਭਾਰਤ ਭੂਸ਼ਣ ਵਰਮਾ, ਰਾਮਪਾਲ ਸ਼ਰਮਾ, ਤਿਲਕ ਰਾਜ ਚੌਹਾਨ, ਰਮੇਸ਼ ਭਾਰਦਵਾਜ, ਕਮਲ ਵਰਮਾ, ਪਵਨ ਸ਼ਰਮਾ, ਮੁਕੇਸ਼ ਸ਼ਰਮਾ, ਸੋਨੂੰ ਜੋਸ਼ੀ ਅਤੇ ਰਾਜੀਵ ਪਟਿਆਲ ਨੇ ਸ਼ਰਧਾਲੂਆਂ ਨੂੰ ਵੱਡੀ ਗਿਣਤੀ ਵਿੱਚ ਆਸ਼ਰਮ ਪਹੁੰਚ ਕੇ ਮਹਾਰਾਜ ਸ਼੍ਰੀ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦੇ ਪ੍ਰਵਚਨਾਂ ਤੇ ਸੈਮੀਨਾਰਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੈਮੀਨਾਰ ਦੌਰਾਨ ਸ਼ਰਧਾਲੂ ਅਧਿਆਤਮਿਕਤਾ, ਧਰਮ ਤੇ ਰਾਸ਼ਟਰ ਨਾਲ ਜੁੜੇ ਸਵਾਲ ਪੁੱਛ ਕੇ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ।