ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 12 ਸਕੂਲੀ ਬੱਸਾਂ ਦੇ ਕੱਟੇ ਚਾਲਾਨ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਪ੍ਰਸ਼ਾਸਨ ਸਖ਼ਤ: ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 12 ਸਕੂਲ ਬੱਸਾਂ ਦੇ ਕੱਟੇ ਚਾਲਾਨ
Publish Date: Wed, 22 Apr 2026 04:31 PM (IST)
Updated Date: Wed, 22 Apr 2026 04:34 PM (IST)

ਬਲਾਕ ਟਾਂਡਾ ਤੇ ਹਾਜੀਪੁਰ ’ਚ ਚਲਾਈ ਗਈ ਵਿਸ਼ੇਸ਼ ਜਾਂਚ ਮੁਹਿੰਮ ਸਕੂਲੀ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਕੂਲ ਬੱਸਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ 12 ਬੱਸਾਂ ਦੇ ਚਾਲਾਨ ਕੱਟੇ ਗਏ। ਇਹ ਕਾਰਵਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਖ਼ਿਲਾਫ਼ ਕੀਤੀ ਗਈ। ਅਧਿਕਾਰਕ ਜਾਣਕਾਰੀ ਅਨੁਸਾਰ ਇਹ ਜਾਂਚ ਮੁਹਿੰਮ 16 ਅਪ੍ਰੈਲ ਨੂੰ ਬਲਾਕ ਟਾਂਡਾ ਤੇ 20 ਅਪ੍ਰੈਲ ਨੂੰ ਬਲਾਕ ਹਾਜੀਪੁਰ ਵਿਚ ਚਲਾਈ ਗਈ। ਇਸ ਦੌਰਾਨ ਡੀਏਵੀ ਸਕੂਲ ਉੜਮੁੜ ਟਾਂਡਾ, ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ, ਪਰਲ ਇੰਟਰਨੈਸ਼ਨਲ ਸਕੂਲ ਹਾਜੀਪੁਰ ਤੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਹਾਜੀਪੁਰ ਦੀਆਂ ਬੱਸਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕਈ ਗੰਭੀਰ ਖਾਮੀਆਂ ਸਾਹਮਣੇ ਆਈਆਂ, ਜਿਨ੍ਹਾਂ ਵਿਚ ਮਿਆਦ ਪੂਰੀ ਕਰ ਚੁੱਕੀਆਂ ਫਸਟ ਐਡ ਕਿੱਟਾਂ, ਲੇਡੀ ਅਟੈਂਡੈਂਟ ਦੀ ਗੈਰਹਾਜ਼ਰੀ, ਬਿਨਾਂ ਪਾਸਿੰਗ ਵਾਲੇ ਵਾਹਨ, ਸਪੀਡ ਗਵਰਨਰ ਦੀ ਕਮੀ, ਐਮਰਜੈਂਸੀ ਨਿਕਾਸ ਦਰਵਾਜ਼ਿਆਂ ਦੀ ਗੈਰਹਾਜ਼ਰੀ, ਅੱਗ ਬੁਝਾਉਣ ਵਾਲੇ ਯੰਤਰਾਂ ਦੀ ਕਮੀ, ਸੀਸੀਟੀਵੀ ਕੈਮਰਿਆਂ ਦੀ ਗੈਰਹਾਜ਼ਰੀ, ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬਿਠਾਉਣਾ ਤੇ ਬੀਮੇ ਦੀ ਕਮੀ ਵਰਗੀਆਂ ਉਲੰਘਣਾਵਾਂ ਸ਼ਾਮਲ ਸਨ। ਬਲਾਕ ਟਾਂਡਾ ਵਿਚ 31 ਬੱਸਾਂ ਦੀ ਜਾਂਚ ਦੌਰਾਨ 9 ਬੱਸਾਂ ਦੇ ਚਾਲਾਨ ਕੀਤੇ ਗਏ। ਇਸੇ ਤਰ੍ਹਾਂ ਬਲਾਕ ਹਾਜੀਪੁਰ ਵਿਚ 18 ਬੱਸਾਂ ਦੀ ਜਾਂਚ ਦੌਰਾਨ 3 ਬੱਸਾਂ ਦੇ ਚਾਲਾਨ ਕੱਟੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸਿੱਖਿਆ ਵਿਭਾਗ, ਰੀਜਨਲ ਟ੍ਰਾਂਸਪੋਰਟ ਅਥਾਰਟੀ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਮੌਜੂਦ ਰਹੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਗਰੂਕ ਵੀ ਕੀਤਾ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਨਿਯਮਾਂ ਦੀ ਅਣਦੇਖੀ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ ਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਟਾਸਕ ਫੋਰਸ ਵੱਲੋਂ ਸਕੂਲਾਂ ਨੂੰ ਹੁਕਮ ਦਿੱਤੇ ਗਏ ਕਿ ਡਰਾਈਵਰਾਂ ਦੇ ਨਿਯਮਿਤ ਮੈਡੀਕਲ ਚੈਕਅਪ ਕਰਵਾਏ ਜਾਣ, ਡਰਾਈਵਰ ਤੇ ਅਟੈਂਡੈਂਟ ਵਰਦੀ ਵਿਚ ਹੋਣ ਅਤੇ ਬੱਚਿਆਂ ਨੂੰ ਚੜ੍ਹਾਉਣ-ਉਤਾਰਣ ਸਮੇਂ ਖ਼ਾਸ ਸੁਰੱਖਿਆ ਯਕੀਨੀ ਬਣਾਈ ਜਾਵੇ। ਨਾਲ ਹੀ ਖਾਮੀਆਂ ਵਾਲੀਆਂ ਬੱਸਾਂ ਨੂੰ ਤੁਰੰਤ ਠੀਕ ਕਰਨ ਲਈ ਵੀ ਕਿਹਾ ਗਿਆ।