ਭਾਜਪਾ ਨੇ ਵੋਟਰ ਸੂਚੀ 'ਚ ਬੇਨਿਯਮੀਆਂ ਵਿਰੁੱਧ ਸੌਂਪਿਆ ਮੰਗ ਪੱਤਰ
ਤੀਕਸ਼ਣ ਸੂਦ ਦੀ ਅਗਵਾਈ ਹੇਠ ਭਾਜਪਾ ਵਫ਼ਦ ਨੇ ਵੋਟਰ ਸੂਚੀ 'ਚ ਬੇਨਿਯਮੀਆਂ ਵਿਰੁੱਧ ਨਗਰ ਨਿਗਮ
Publish Date: Wed, 22 Apr 2026 04:28 PM (IST)
Updated Date: Wed, 22 Apr 2026 04:31 PM (IST)

ਤੀਕਸ਼ਣ ਸੂਦ ਦੀ ਅਗਵਾਈ ਹੇਠ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨੂੰ ਮਿਲੇ ਵਾਰਡਬੰਦੀ ਤੇ ਵੋਟਾਂ ਦੀ ਗਿਣਤੀ ’ਚ ਹੇਰਾ-ਫੇਰੀ ਦੇ ਲਾਏ ਇਲਜ਼ਾਮ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਤੀਕਸ਼ਣ ਸੂਦ ਦੀ ਅਗਵਾਈ ਹੇਠ ਭਾਜਪਾ ਦੇ ਇਕ ਵਫ਼ਦ ਨੇ ਨਗਰ ਨਿਗਮ ਹੁਸ਼ਿਆਰਪੁਰ ਦੇ ਸੰਯੁਕਤ ਕਮਿਸ਼ਨਰ ਨੂੰ ਮਿਲ ਕੇ ਇਕ ਮੰਗ ਪੱਤਰ ਸੌਂਪਿਆ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਚੋਣਾਂ ਲਈ ਤਿਆਰ ਕੀਤੀਆਂ ਵੋਟਰ ਸੂਚੀਆਂ ਤੇ ਵਾਰਡਬੰਦੀ ਵਿਚ ਗੰਭੀਰ ਬੇਨਿਯਮੀਆਂ ਹੋਣ ਦਾ ਕਥਿਤ ਦੋਸ਼ ਲਾਇਆ। ਤੀਕਸ਼ਣ ਸੂਦ ਨੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਭਾਜਪਾ ਦੀ ਜਾਂਚ ਟੀਮ ਅਨੁਸਾਰ 31 ਦਸੰਬਰ 2025 ਨੂੰ ਜਾਰੀ ਵਾਰਡ ਹੱਦਬੰਦੀ ਨੋਟੀਫਿਕੇਸ਼ਨ ਦੀਆਂ ਸੀਮਾਵਾਂ ਨਗਰ ਨਿਗਮ ਦੇ ਨਕਸ਼ੇ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਕਿਹਾ ਕਿ ਇਸ ਗੜਬੜੀ ਕਾਰਨ ਸੈਂਕੜੇ ਵੋਟਾਂ ਇਕ ਵਾਰਡ ਤੋਂ ਦੂਜੇ ਵਾਰਡ ਵਿਚ ਕਥਿਤ ਤੌਰ ਤੇ ਤਬਦੀਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਨੋਟੀਫਿਕੇਸ਼ਨ ਨੂੰ ਆਧਾਰ ਬਣਾ ਕੇ ਹੀ ਨਕਸ਼ਾ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਿਗਮ ਦੇ ਚੋਣ ਨਿਯਮਾਂ ਅਨੁਸਾਰ ਵਾਰਡ ਹੱਦਬੰਦੀ ਕਰਦੇ ਸਮੇਂ ਹਰ ਵਾਰਡ ਦੀ ਆਬਾਦੀ ਲਗਪਗ ਬਰਾਬਰ ਹੋਣੀ ਚਾਹੀਦੀ ਹੈ, ਪਰ ਹਕੀਕਤ ਇਸ ਦੇ ਉਲਟ ਹੈ। ਉਦਾਹਰਣ ਵਜੋਂ ਵਾਰਡ ਨੰਬਰ 9 ਵਿਚ ਕੇਵਲ 539 ਵੋਟਾਂ ਦਰਸਾਈਆਂ ਗਈਆਂ ਹਨ, ਜਦਕਿ ਵਾਰਡ ਨੰਬਰ 3 ਵਿਚ 5,296 ਵੋਟਾਂ ਦਰਜ ਹਨ। ਤੀਕਸ਼ਣ ਸੂਦ ਨੇ ਦੱਸਿਆ ਕਿ ਆਬਾਦੀ ਦੀ ਗਿਣਤੀ ਅਣਟ੍ਰੇਂਡ ਕਰਮਚਾਰੀਆਂ ਦੁਆਰਾ ਕਰਵਾਈ ਗਈ, ਜਿਸ ਕਾਰਨ ਗਲਤੀਆਂ ਹੋਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸ਼ਹਿਰ ਦੀ ਕੁੱਲ ਵੋਟ ਗਿਣਤੀ 2024 ਵਿਚ 1,29,698 ਤੋਂ ਘਟ ਕੇ 2026 ਵਿਚ 1,18,146 ਰਹਿ ਗਈ, ਜਦਕਿ ਆਬਾਦੀ ਵਿਚ ਲਗਭਗ 7,500 ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੂਚੀ ਵਿਚ ਦਰਜ ਕਈ ਵੋਟਾਂ ਆਪਣੇ ਸਬੰਧਤ ਵਾਰਡਾਂ ਦੀ ਬਜਾਏ ਦੂਰ-ਦੁਰਾਡੇ ਵਾਰਡਾਂ ਵਿਚ ਦਰਸਾਈਆਂ ਗਈਆਂ ਹਨ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਵਿਧਾਨ ਸਭਾ ਦਾ ਬੂਥ ਨੰਬਰ 136, ਜੋ ਮੌਜੂਦਾ ਵਾਰਡ 35, 36, 37 ਤੇ 39 ਵਿਚ ਪੈਣਾ ਚਾਹੀਦਾ ਹੈ, ਉਹ ਇਨ੍ਹਾਂ ਵਾਰਡਾਂ ਵਿਚ ਤਾਂ ਕੀ, ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਉੱਚ ਪੱਧਰੀ ਕਮੇਟੀ ਬਣਾਕੇ ਵਾਰਡ ਹੱਦਬੰਦੀ ਨੋਟੀਫਿਕੇਸ਼ਨ ਅਨੁਸਾਰ ਨਕਸ਼ਾ ਤਿਆਰ ਕੀਤਾ ਜਾਵੇ, ਵੋਟਰ ਸੂਚੀ ਨੂੰ ਦੁਬਾਰਾ ਤਿਆਰ ਕੀਤਾ ਜਾਵੇ ਤੇ ਵਾਰਡਾਂ ਵਿਚ ਗਲਤ ਤਰੀਕੇ ਨਾਲ ਦਰਜ ਵੋਟਾਂ ਦੀ ਬਰੀਕੀ ਨਾਲ ਜਾਂਚ ਕਰਕੇ ਸੁਧਾਰ ਕੀਤਾ ਜਾਵੇ। ਇਸ ਮੌਕੇ ਸਾਬਕਾ ਮੇਅਰ ਸ਼ਿਵ ਸੂਦ, ਸੁਰੇਸ਼ ਭਾਟੀਆ, ਸਾਬਕਾ ਕੌਂਸਲਰ ਤੇ ਜ਼ਿਲ੍ਹਾ ਜਨਰਲ ਸਕੱਤਰ ਵਿਨੋਦ ਪਰਮਾਰ, ਅਸ਼ਵਨੀ ਓਹਰੀ, ਯਸ਼ਪਾਲ ਸ਼ਰਮਾ, ਸੁਰਿੰਦਰ ਭੱਟੀ, ਰਾਜੀਵ ਮਹਾਜਨ ਤੇ ਅਸ਼ਵਨੀ ਗੇਂਦ ਵੀ ਮੌਜੂਦ ਸਨ।