ਗੁਆਂਢੀ ’ਤੇ ਹਮਲੇ ’ਚ ਅੱਠ ਖ਼ਿਲਾਫ਼ ਕੇਸ ਦਰਜ
ਪੜੋਸੀ ਵਿਵਾਦ ’ਚ ਹਮਲੇ ਦਾ ਮਾਮਲਾ, ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Publish Date: Wed, 22 Apr 2026 03:46 PM (IST)
Updated Date: Wed, 22 Apr 2026 03:49 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਦਰ ਪੁਲਿਸ ਹੁਸ਼ਿਆਰਪੁਰ ਨੇ ਰੰਜਿਸ਼ ਦੇ ਚੱਲਦਿਆਂ ਹਮਲਾ ਕਰਨ ਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਅੱਠ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਐੱਫਆਈਆਰ ਮੁਤਾਬਕ ਨਾਮਜ਼ਦ ਮੁਲਜ਼ਮਾਂ ਵਿਚ ਬੇਅੰਤ ਸਿੰਘ, ਉਸ ਦੀ ਪਤਨੀ ਕਮਲਾ ਦੇਵੀ, ਪੁੱਤਰ ਵਿੱਕੀ, ਕਾਲਾ, ਉਸ ਦੀ ਮਾਂ ਬਿੰਦਰ, ਸਾਰੇ ਵਾਸੀਆਨ ਪਿੰਡ ਮੰਨਣ, ਦਵਿੰਦਰ ਤੇ ਲੱਬੀ ਦੋਵੇਂ ਵਾਸੀਆਨ ਮਹਿਲਾਂਵਾਲੀ ਤੇ ਟੇਬੋ ਵਾਸੀ ਅਲੀ ਦੀ ਬਸੀ ਸ਼ਾਮਲ ਹਨ। ਪੁਲਿਸ ਮੁਤਾਬਕ ਸੁਰਿੰਦਰ ਕੌਰ ਵਾਸੀ ਮੰਨਣ 17 ਅਪ੍ਰੈਲ 2026 ਦੀ ਰਾਤ ਕਰੀਬ 10 ਵਜੇ ਆਪਣੇ ਪਤੀ ਨਿਰਮਲ ਸਿੰਘ ਤੇ ਧੀ ਨਾਲ ਘਰ ’ਚ ਮੌਜੂਦ ਸੀ। ਇਸ ਦੌਰਾਨ ਉਕਤ ਵਿਅਕਤੀ ਉਸਦੇ ਘਰ ਦੇ ਸਾਹਮਣੇ ਇਕੱਠੇ ਹੋ ਕੇ ਕਥਿਤ ਤੌਰ ’ਤੇ ਗਾਲੀ-ਗਲੋਚ ਕਰਦੇ ਹੋਏ ਰੌਲਾ ਪਾ ਰਹੇ ਸਨ। ਜਦੋਂ ਸੁਰਿੰਦਰ ਕੌਰ ਤੇ ਉਸਦਾ ਪਰਿਵਾਰ ਮੌਕੇ ’ਤੇ ਗਿਆ ਤਾਂ ਮੁਲਜ਼ਮਾਂ ਕੋਲ ਦਾਤਰ ਤੇ ਤਿੱਖੀ ਪੱਤੀ ਵਰਗੇ ਹਥਿਆਰ ਸਨ। ਇਸ ਦੌਰਾਨ ਵਿੱਕੀ ਨੇ ਕਥਿਤ ਤੌਰ ’ਤੇ ਸੁਰਿੰਦਰ ਕੌਰ ਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਦਿੱਤਾ ਤੇ ਕੁੱਟਮਾਰ ਕੀਤੀ, ਜਦਕਿ ਹੋਰਾਂ ਨੇ ਵੀ ਉਸ ਤੇ ਉਸਦੇ ਪਤੀ ਨਾਲ ਹੱਥੋਪਾਈ ਕੀਤੀ। ਦੋਸ਼ ਹੈ ਕਿ ਬੇਅੰਤ ਸਿੰਘ ਨੇ ਦਾਤਰ ਨਾਲ ਨਿਰਮਲ ਸਿੰਘ ’ਤੇ ਵਾਰ ਕੀਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।