50 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਟਾਂਡਾ ਪੁਲਿਸ ਵੱਲੋਂ ਧਮਕੀਆਂ ਦੇ ਕੇ 50 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Publish Date: Wed, 22 Apr 2026 03:41 PM (IST)
Updated Date: Wed, 22 Apr 2026 03:43 PM (IST)

ਟਾਂਡਾ ਪੁਲਿਸ ਨੇ ਧਮਕੀਆਂ ਦੇਣ ਦਾ ਮਾਮਲਾ ਵੀ ਕੀਤਾ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਟਾਂਡਾ ਪੁਲਿਸ ਨੇ ਧਮਕੀਆਂ ਦੇ ਕੇ ਲੱਖਾਂ ਰੁਪਏ ਮੰਗਣ ਦੇ ਮਾਮਲੇ ਵਿਚ ਦੋ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿਚ ਗੁਰਲਾਲ ਵਾਸੀ ਰੁਡਿਆਣਾ (ਕਲਾਨੌਰ), ਜ਼ਿਲ੍ਹਾ ਗੁਰਦਾਸਪੁਰ ਤੇ ਗੁਰਦੇਵ ਸਿੰਘ ਉਰਫ਼ ਜੇਸਲ ਵਾਸੀ ਚੰਬਾਲ, ਜ਼ਿਲ੍ਹਾ ਤਰਨਤਾਰਨ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਸਰਬਜੀਤ ਸਿੰਘ ਵਾਸੀ ਪਿੰਡ ਜਲਾਲ ਨੰਗਲ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਰਾਹੀਂ ਧਮਕਾਇਆ ਜਾ ਰਿਹਾ ਸੀ। ਸਰਬਜੀਤ ਸਿੰਘ ਨੂੰ ਪਹਿਲੀ ਕਾਲ 29 ਜਨਵਰੀ 2026 ਨੂੰ ਕਰੀਬ 2:04 ਵਜੇ ਉਸਦੇ ਮੋਬਾਇਲ ਨੰਬਰ ’ਤੇ ਇਕ ਵਿਦੇਸ਼ੀ ਨੰਬਰ ਤੋਂ ਵਟਸਐਪ ਰਾਹੀਂ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੁਰਲਾਲ ਰੁਡਿਆਣਾ ਦੱਸਿਆ। ਸਰਬਜੀਤ ਸਿੰਘ ਨੇ ਕਾਲ ਕੱਟ ਦਿੱਤੀ ਪਰ ਬਾਅਦ ਵਿਚ ਉਸਨੂੰ ਵਾਰ-ਵਾਰ ਕਾਲਾਂ ਆਉਂਦੀਆਂ ਰਹੀਆਂ। 22 ਫਰਵਰੀ 2026 ਨੂੰ ਸਵੇਰੇ ਕਰੀਬ 10:44 ਵਜੇ ਦੁਬਾਰਾ ਇਕ ਹੋਰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਜਿਸ ਦੌਰਾਨ ਕਾਲਰ ਨੇ ਆਪਣੇ ਆਪ ਨੂੰ ਗੁਰਲਾਲ ਦੱਸਦਿਆਂ ਉਸ ਤੋਂ ਕਥਿਤ ਤੌਰ ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਨਾ ਦੇਣ ਦੀ ਸੂਰਤ ਵਿਚ ਬੁਰੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੰਦੇ ਹੋਏ ਉਸਦੇ ਬੱਚਿਆਂ ਤੇ ਪਰਿਵਾਰ ਬਾਰੇ ਜਾਣਕਾਰੀ ਹੋਣ ਦੀ ਗੱਲ ਕਹਿ ਕੇ ਧਮਕਾਇਆ। ਸਰਬਜੀਤ ਸਿੰਘ ਨੇ ਡਰ ਦੇ ਮਾਰੇ ਕਾਲ ਕੱਟ ਦਿੱਤੀ, ਪਰ ਬਾਅਦ ਵਿਚ ਉਸਨੂੰ ਵਾਇਸ ਮੈਸੇਜ ਭੇਜੇ ਗਏ। ਸਰਬਜੀਤ ਸਿੰਘ ਨੂੰ 29 ਫਰਵਰੀ 2026 ਨੂੰ ਸ਼ਾਮ ਕਰੀਬ 4:17 ਵਜੇ ਇਕ ਹੋਰ ਵਟਸਐਪ ਕਾਲ ਆਈ, ਜਿਸ ਦੌਰਾਨ ਕਾਲਰ ਨੇ ਮੁੜ 50 ਲੱਖ ਰੁਪਏ ਕਿਸ਼ਤਾਂ ਵਿਚ ਦੇਣ ਲਈ ਕਿਹਾ ਤੇ ਇਸਨੂੰ ਆਖਰੀ ਮੌਕਾ ਦੱਸਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।