ਪੀਐੱਸ ਟੈੱਟ ਦੇ ਪ੍ਰੀਖਿਆ ਕੇਂਦਰ ਚੰਡੀਗੜ੍ਹ ਵਿਖੇ ਬਣਾਉਣ ਦੀ ਨਿਖੇਧੀ
PSTET ਦੇ ਪ੍ਰੀਖਿਆ ਕੇਂਦਰ ਚੰਡੀਗੜ੍ਹ ਵਿਖੇ ਬਣਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ
Publish Date: Thu, 16 Apr 2026 06:41 PM (IST)
Updated Date: Fri, 17 Apr 2026 04:16 AM (IST)

ਕਮਲ, ਪੰਜਾਬੀ ਜਾਗਰਣ, ਹਰਿਆਣਾ: 19 ਅਪ੍ਰੈਲ 2026 ਨੂੰ ਸਰਕਾਰੀ ਸੇਵਾਵਾਂ ਨਿਭਾ ਰਹੇ ਪੰਜਾਬ ਦੇ ਅਧਿਆਪਕਾਂ ਦੇ ਹੋ ਰਹੇ PSTET ਦੇ ਪ੍ਰੀਖਿਆ ਕੇਂਦਰ ਚੰਡੀਗੜ੍ਹ ਵਿਖੇ ਬਣਾਉਣ ਦੀ ਪ੍ਰੋਫੈਸਰ ਸੰਦੀਪ ਸਿੰਘ ਸੀਕਰੀ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰੋਫੈਸਰ ਸੰਦੀਪ ਸਿੰਘ ਸੀਕਰੀ ਅਤੇ ਬੀਐਡ ਅਧਿਆਪਕ ਫਰੰਟ ਦੇ ਜ਼ਿਲਾ ਪ੍ਰਧਾਨ ਸੁਰਜੀਤ ਰਾਜਾ, ਮੀਤ ਪ੍ਰਧਾਨ ਉਪਕਾਰ ਪੱਟੀ, ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਪਾਲ ਸਿੰਘ ਤੇ ਜ਼ਿਲ੍ਹਾ ਵਿੱਤ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਬਾਰਡਰ ਦੇ ਜ਼ਿਲ੍ਹਿਆਂ ਦੇ ਅਧਿਆਪਕਾਂ ਨੂੰ 250 ਤੋਂ 300 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਕੂਲ ਸਿੱਖਿਆ ਵਿਭਾਗ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਹਾਲਾਂ ਕਿ ਕੱਲ੍ਹ ਹੋਈ ਸਿੱਖਿਆ ਸਕੱਤਰ ਸੋਨਾਲੀ ਗਿਰੀ ਨਾਲ ਮੀਟਿੰਗ ਵਿੱਚ ਉਨ੍ਹਾਂ ਕਿਹਾ ਸੀ ਕਿ ਪੀਐੱਸ ਟੈੱਟ ਦੇ ਪ੍ਰੀਖਿਆ ਕੇਂਦਰ ਜ਼ਿਲ੍ਹਾ ਪੱਧਰ ’ਤੇ ਹੀ ਬਣਾਏ ਜਾਣਗੇ। ਆਗੂਆਂ ਕਿਹਾ ਕਿ ਆਪਣੀਆਂ ਰਿਹਾਇਸ਼ਾਂ ਤੋ ਇੰਨੀ ਦੂਰ ਪ੍ਰੀਖਿਆ ਦੇਣ ਜਾਣ ਦੀ ਸ਼ਰਤ ਪੂਰੀ ਕਰਨ ਲਈ ਅਧਿਆਪਕਾਂ ਨੂੰ ਮਾਨਸਿਕ ਤੇ ਮਨੋਵਿਗਿਆਨਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰ ਕੇ ਇਹ ਪ੍ਰੀਖਿਆ ਲੈਣ ਲਈ ਵਿਭਾਗ ਨੂੰ ਅਧਿਆਪਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਪ੍ਰੀਖਿਆ ਕੇਂਦਰ ਜ਼ਿਲ੍ਹਿਆਂ ਪੱਧਰ ’ਤੇ ਹੀ ਬਣਾਉਣੇ ਚਾਹੀਦੇ ਹਨ।