ਧਾਮੀਆਂ ਦਾਣਾ ਮੰਡੀ ਤੋਂ ਕੀਤਾ ਕਣਕ ਦੀ ਖ਼ਰੀਦ ਦਾ ਆਗਾਜ਼
ਧਾਮੀਆਂ ਦਾਣਾ ਮੰਡੀ ਤੋਂ ਕੀਤਾ ਕਣਕ ਦੀ ਖ਼ਰੀਦ ਦਾ ਆਗਾਜ਼
Publish Date: Thu, 16 Apr 2026 06:30 PM (IST)
Updated Date: Fri, 17 Apr 2026 04:15 AM (IST)

ਐਚ ਐਸ ਪੀ 33 : ਦਾਣਾ ਮੰਡੀ ਧਾਮੀਆਂ ਵਿਖੇ ਕਣਕ ਦੀ ਖ਼ਰੀਦ ਦਾ ਆਗਾਜ਼ ਕਰਦੇ ਹੋਏ ਮਾਰਕਿਟ ਕਮੇਟੀ ਮੁਕੇਰੀਆਂ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ, ਵਿਭਾਗੀ ਅਧਿਕਾਰੀ, ਆੜ੍ਹਤੀ ਤੇ ਕਿਸਾਨ। * ਕਣਕ ਦੀ ਖ਼ਰੀਦ ਲਈ ਕੀਤੇ ਗਏ ਪੁਖ਼ਤਾ ਪ੍ਰਬੰਧ : ਚੇਅਰਮੈਨ ਸਹੋਤਾ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਇਥੇ ਮਾਰਕਿਟ ਕਮੇਟੀ ਮੁਕੇਰੀਆਂ ਅਧੀਨ ਆਉਂਦੀ ਦਾਣਾ ਮੰਡੀ ਧਾਮੀਆਂ ਵਿਖੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਵੱਲੋਂ ਕਣਕ ਦੀ ਢੇਰੀ ਦੀ ਬੋਲੀ ਲਗਾ ਕੇ ਸਰਕਾਰੀ ਖ਼ਰੀਦ ਦਾ ਅਧਿਕਾਰਕ ਆਗਾਜ਼ ਕੀਤਾ ਗਿਆ। ਇਸ ਸਮੇਂ ਧਾਮੀਆਂ ਦਾਣਾ ਮੰਡੀ ਦਾ ਨਿਰੀਖਣ ਕਰਨ ਉਪਰੰਤ ਚੇਅਰਮੈਨ ਹਰਜੀਤ ਸਿੰਘ ਸਹੋਤਾ ਨੇ ਕਿਹਾ ਕਿ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ, ਜਿਸ ਲਈ ਸੁਚੱਜੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਬਣਦੀ ਅਦਾਇਗੀ ਖ਼ਰੀਦ ਤੋਂ ਬਾਅਦ 24 ਤੋਂ 48 ਘੰਟਿਆਂ ਦੇ ਅੰਦਰ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਪੂਰੀ ਤਰ੍ਹਾਂ ਪੱਕਣ ਅਤੇ ਸੁੱਕਣ ਤੋਂ ਬਾਅਦ ਹੀ ਮੰਡੀ ਵਿੱਚ ਲੈ ਕੇ ਆਉਣ। ਇਸ ਤੋਂ ਇਲਾਵਾ, ਕੰਬਾਈਨ ਰਾਹੀਂ ਕਟਾਈ ਦਿਨ ਦੇ ਸਮੇਂ ਹੀ ਕਰਵਾਈ ਜਾਵੇ ਅਤੇ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਈ ਜਾਵੇ। ਜੇ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਮੰਡੀ ਵਿੱਚ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਜਾਂ ਮਾਰਕਿਟ ਕਮੇਟੀ ਮੁਕੇਰੀਆਂ ਦੇ ਦਫ਼ਤਰ ਨਾਲ ਸੰਪਰਕ ਕਰਨ। ਇਸ ਮੌਕੇ ਅਕਾਸ਼ਦੀਪ ਸਿੰਘ ਸਕੱਤਰ ਮਾਰਕਿਟ ਕਮੇਟੀ, ਵਿਕਰਮ ਸਿੰਘ ਮੰਡੀ ਸੁਪਰਵਾਈਜ਼ਰ, ਗਰੀਸ਼ ਉੱਪਲ ਮੰਡੀ ਸੁਪਰਵਾਈਜ਼ਰ, ਰਜਨੀਸ਼ ਕੌਂਡਲ ਕਲਰਕ, ਬਲਵਿੰਦਰ ਸਿੰਘ ਇੰਸਪੈਕਟਰ ਪਨਗਰੇਨ ਅਤੇ ਵੱਡੀ ਗਿਣਤੀ ਆੜ੍ਹਤੀ ਤੇ ਕਿਸਾਨ ਹਾਜ਼ਰ ਸਨ।