ਵਿਸ਼ੇਸ਼ ਖਿਡਾਰੀਆਂ ਲਈ ਗੇਂਦਬਾਜ਼ੀ ਚੋਣ ਟ੍ਰਾਇਲ ਕੈਂਪ ਦਾ ਆਗਾਜ਼, ਰਾਸ਼ਟਰੀ ਪੱਧਰ ਲਈ ਹੋਵੇਗੀ ਚੋਣ
ਵਿਸ਼ੇਸ਼ ਖਿਡਾਰੀਆਂ ਲਈ ਗੇਂਦਬਾਜ਼ੀ ਚੋਣ ਟ੍ਰਾਇਲ ਕੈਂਪ ਦਾ ਆਗਾਜ਼, ਰਾਸ਼ਟਰੀ ਪੱਧਰ ਲਈ ਹੋਵੇਗੀ ਚੋਣ
Publish Date: Thu, 16 Apr 2026 05:22 PM (IST)
Updated Date: Fri, 17 Apr 2026 04:09 AM (IST)

ਐਚ ਐਸ ਪੀ 3 : ਖਿਡਾਰੀਆਂ ਨਾਲ ਐਸੋਸੀਏਸ਼ਨ ਅਤੇ ਸੁਸਾਇਟੀ ਦੇ ਮੈਂਬਰ। ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਚੈਪਟਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਵਿਸ਼ੇਸ਼ ਖਿਡਾਰੀਆਂ ਅਤੇ ਕੋਚਾਂ ਲਈ ਗੇਂਦਬਾਜ਼ੀ ਕਮ ਫਾਈਨਲ ਚੋਣ ਟ੍ਰਾਇਲ ਕੈਂਪ ਦਾ ਉਦਘਾਟਨ ਕੀਤਾ ਗਿਆ। ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਮੁੱਖ ਮਕਸਦ 20 ਤੋਂ 25 ਅਪ੍ਰੈਲ ਤੱਕ ਨਵੀਂ ਦਿੱਲੀ ਵਿਖੇ ਹੋਣ ਵਾਲੀ ਰਾਸ਼ਟਰੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਕਰਨਾ ਹੈ। ਕੈਂਪ ’ਚ 6 ਪੁਰਸ਼ ਤੇ 6 ਮਹਿਲਾ ਵਿਸ਼ੇਸ਼ ਖਿਡਾਰੀਆਂ ਨੇ 3 ਕੋਚਾਂ ਦੀ ਰਹਿਨੁਮਾਈ ਹੇਠ ਹਿੱਸਾ ਲਿਆ। ਭਾਗ ਲੈਣ ਵਾਲਿਆਂ ਵਿੱਚ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ, ਬੀਪੀਐਸ ਅੰਮ੍ਰਿਤਸਰ, ਪ੍ਰਭ ਆਸਰਾ ਕੁਰਾਲੀ ਅਤੇ ਐਸਐਸਏ ਲੁਧਿਆਣਾ ਦੇ ਖਿਡਾਰੀ ਤੇ ਕੋਚ ਸ਼ਾਮਲ ਸਨ। ਕੈਂਪ ਦੇ ਪਹਿਲੇ ਦਿਨ ਉਦਘਾਟਨ ਮੌਕੇ ਖਿਡਾਰੀਆਂ ਤੇ ਕੋਚਾਂ ਨੂੰ ਮਾਰਗਦਰਸ਼ਨ ਦਿੱਤਾ ਗਿਆ। ਇਹ ਕੈਂਪ 17 ਅਪ੍ਰੈਲ ਤੱਕ ਜਾਰੀ ਰਹੇਗਾ, ਜਿਸ ਦੌਰਾਨ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ਤੇ ਉਨ੍ਹਾਂ ’ਚੋਂ ਚੋਣ ਕੀਤੀ ਜਾਵੇਗੀ। ਕੈਂਪ ਦੇ ਉਦਘਾਟਨ ਮੌਕੇ ਪੰਜਾਬ ਦੇ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸਚਦੇਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਵਿਸ਼ੇਸ਼ ਖਿਡਾਰੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਕੈਂਪ ਰਾਹੀਂ ਚੁਣੇ ਗਏ ਖਿਡਾਰੀ ਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ। ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਪ੍ਰਧਾਨ ਸ਼ੈਲੀ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੱਤਰ ਹਰਮੇਸ਼ ਤਲਵਾੜ, ਖੇਡ ਨਿਰਦੇਸ਼ਕ ਅੰਜਨਾ, ਆਸ਼ਾਦੀਪ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ, ਸਕੱਤਰ ਗੁਰਮੀਤ ਸਿੰਘ, ਮਲਕੀਤ ਸਿੰਘ ਮਹੇਦੂ, ਸੀਏ ਤਰਨਜੀਤ ਸਿੰਘ, ਰਾਮ ਆਸਰਾ, ਮਲਕੀਤ ਸਿੰਘ ਸੌਂਧ ਅਤੇ ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਸਮੇਤ ਹੋਰ ਵੀ ਮੌਜੂਦ ਸਨ।