ਨਸ਼ੇ ਦੇ ਸੇਵਨ ਤੇ ਤਸਕਰੀ ’ਤੇ ਕੱਸਿਆ ਸ਼ਿਕੰਜਾ, ਤਿੰਨ ਗ੍ਰਿਫ਼ਤਾਰ
ਨਸ਼ੇ ਦੇ ਸੇਵਨ ਅਤੇ ਤਸਕਰੀ ’ਤੇ ਕੱਸਿਆ ਸ਼ਿਕੰਜਾ, ਤਿੰਨ ਮੁਲਜ਼ਮ ਗ੍ਰਿਫਤਾਰ
Publish Date: Thu, 16 Apr 2026 05:12 PM (IST)
Updated Date: Fri, 17 Apr 2026 04:07 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਕਾਰਵਾਈਆਂ ਦੌਰਾਨ ਵੱਖ-ਵੱਖ ਮਾਮਲਿਆਂ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਮੁਤਾਬਕ ਤਿੰਨਾਂ ਖਿਲਾਫ਼ ਐੱਨਡੀਪੀਐੱਸ ਐਕਟ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਸਦਰ ਦੀ ਪੁਲਿਸ ਨੇ ਗਸ਼ਤ ਦੌਰਾਨ ਰਵਿਦਾਸ ਨਗਰ ਇਲਾਕੇ ’ਚੋਂ ਇਕ ਨੌਜਵਾਨ ਨੂੰ 200 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਐੱਸਆਈ ਜਸਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਦੋਂ ਸ਼ੇਰਗੜ੍ਹ ਸਾਈਡ ਵੱਲ ਜਾ ਰਹੀ ਸੀ, ਤਾਂ ਵੈਲਡਿੰਗ ਦੀ ਦੁਕਾਨ ਨੇੜੇ ਇਕ ਨੌਜਵਾਨ ਕਾਲੇ ਰੰਗ ਦਾ ਭਾਰੀ ਲਿਫ਼ਾਫ਼ਾ ਲੈ ਕੇ ਆਉਂਦਾ ਦਿਖਾਈ ਦਿੱਤਾ। ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਨੌਜਵਾਨ ਘਬਰਾ ਗਿਆ ਤੇ ਲਿਫ਼ਾਫ਼ਾ ਸੜਕ ਕਿਨਾਰੇ ਸੁੱਟ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੇ ਮੁਸਤੈਦੀ ਨਾਲ ਨੌਜਵਾਨ ਨੂੰ ਕਾਬੂ ਕੀਤਾ, ਜਿਸ ਦੀ ਪਛਾਣ ਮਨਦੀਪ ਕੁਮਾਰ ਉਰਫ਼ ਤੁੱਡ ਵਾਸੀ ਸਥਾਨਕ ਰਵੀਦਾਸ ਨਗਰ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਵੱਲੋਂ ਸੁੱਟੇ ਗਏ ਲਿਫ਼ਾਫ਼ੇ ’ਚੋਂ ਕਥਿਤ ਤੌਰ ’ਤੇ 200 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਥਾਣਾ ਸਦਰ ਦੀ ਪੁਲਿਸ ਨੇ ਇਕ ਹੋਰ ਕਾਰਵਾਈ ’ਚ ਨਸ਼ੇ ਦੇ ਆਦੀ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਇੰਸਪੈਕਟਰ ਸਤਨਾਮ ਸਿੰਘ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਵਿਸ਼ਾਲ ਸ਼ਰਮਾ ਉਰਫ਼ ਸੋਨੂ ਵਾਸੀ ਸਥਾਨਕ ਰਵਿਦਾਸ ਨਗਰ ਨਸ਼ੇ ਦੀ ਹਾਲਤ ’ਚ ਮੂਰਤੀਆਂ ਵਾਲਾ ਪੈਲੇਸ ਨੇੜੇ ਘੁੰਮ ਰਿਹਾ ਹੈ। ਪੁਲਿਸ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮ ਸ਼ਰੇਆਮ ਨਸ਼ੇ ਦਾ ਸੇਵਨ ਕਰ ਰਿਹਾ ਸੀ ਤੇ ਜਨਤਕ ਥਾਂ ਤੇ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਸੀ। ਸਿਵਲ ਹਸਪਤਾਲ ਵਿੱਚ ਕਰਵਾਏ ਗਏ ਡੋਪ ਟੈਸਟ ’ਚ ਮੁਲਜ਼ਮ ਕਈ ਤਰ੍ਹਾਂ ਦੇ ਨਸ਼ਿਆਂ ਲਈ ਪਾਜ਼ੇਟਿਵ ਪਾਇਆ ਗਿਆ। ਥਾਣਾ ਮੇਹਟੀਆਣਾ ਦੀ ਪੁਲਿਸ ਨੇ ਵੀ ਨਸ਼ਿਆਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਕ 23 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਏਐੱਸਆਈ ਕੁਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਰਾਹੁਲ ਵਾਸੀ ਪਿੰਡ ਡਵਿਡਾ ਅਹਿਰਾਣਾ, ਪਿੰਡ ਅਹਿਰਾਣਾ ਕਲਾਂ ਦੇ ਨਵੇਂ ਬਾਈਪਾਸ ਤੇ ਨਸ਼ੇ ਦੀ ਲੋਰ ’ਚ ਘੁੰਮ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਰਾਹੁਲ ਨਸ਼ੇ ਦੀ ਹਾਲਤ ਵਿੱਚ ਮਿਲਿਆ। ਡਾਕਟਰੀ ਜਾਂਚ ਦੌਰਾਨ ਉਸ ਦਾ ਡੋਪ ਟੈਸਟ ਵੀ ਪਾਜ਼ੇਟਿਵ ਆਇਆ।