ਪੰਜਾਬ ਦੇ ਸਕੂਲਾਂ ’ਚ 16 ਅਪ੍ਰੈਲ ਤੋਂ ‘ਜਲ ਪੰਦਰਵਾੜਾ’ ਦੀ ਸ਼ੁਰੂਆਤ
ਪੰਜਾਬ ਦੇ ਸਕੂਲਾਂ ਵਿੱਚ 16 ਅਪ੍ਰੈਲ ਤੋਂ ‘ਜਲ ਪੰਦਰਵਾੜਾ’ ਦੀ ਸ਼ੁਰੂਆਤ
Publish Date: Thu, 16 Apr 2026 04:18 PM (IST)
Updated Date: Fri, 17 Apr 2026 04:01 AM (IST)

* ਵਿਦਿਆਰਥੀ ਸਿੱਖਣਗੇ ਪਾਣੀ ਦੀ ਬੂੰਦ-ਬੂੰਦ ਦੀ ਕੀਮਤ ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਸਿੱਖਿਆ ਵਿਭਾਗ ਵੱਲੋਂ ਜਲ ਸ਼ਕਤੀ ਅਭਿਆਨ ਤਹਿਤ ‘ਕੈਚ ਦ ਰੇਨ’ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ 16 ਅਪ੍ਰੈਲ ਤੋਂ 30 ਅਪ੍ਰੈਲ 2026 ਤੱਕ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ’ਚ ‘ਜਲ ਪੰਦਰਵਾੜਾ’ ਮਨਾਇਆ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਅਨੁਸਾਰ ਇਸ ਮੁਹਿੰਮ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਜਲ ਸੰਭਾਲ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੈ। ਪੰਦਰਵਾੜੇ ਦੀ ਸ਼ੁਰੂਆਤ ਸਕੂਲਾਂ ਵਿੱਚ ‘ਜਲ ਪ੍ਰਣ’ ਸਮਾਰੋਹ ਨਾਲ ਹੋਵੇਗੀ। ਇਸ ਦੌਰਾਨ ਵਿਦਿਆਰਥੀ ਅਤੇ ਅਧਿਆਪਕ ਮਿਲ ਕੇ ਪਾਣੀ ਬਚਾਉਣ ਦਾ ਸੰਕਲਪ ਲੈਣਗੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਬਾਲ ਸੰਸਦ ਅਤੇ ਸਕੂਲ ਕੈਬਨਿਟ ਦੀਆਂ ਮੀਟਿੰਗਾਂ ਕਰਵਾਈਆਂ ਜਾਣਗੀਆਂ ਤਾਂ ਜੋ ਜਲ ਸੰਭਾਲ ਨਾਲ ਜੁੜੀਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਹਰ ਵਿਦਿਆਰਥੀ ਨੂੰ ਰੋਜ਼ਾਨਾ ਘੱਟੋ-ਘੱਟ ਇੱਕ ਲੀਟਰ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਵਿਦਿਆਰਥੀਆਂ ਵਿੱਚ ਜਾਗਰੂਕਤਾ ਅਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਪੇਂਟਿੰਗ, ਲੇਖ ਲਿਖਣ, ਬਹਿਸ, ਕੁਇਜ਼ ਅਤੇ ਸਲੋਗਨ ਲਿਖਣ ਵਰਗੇ ਮੁਕਾਬਲੇ ਕਰਵਾਏ ਜਾਣਗੇ। ਵਿਦਿਆਰਥੀ ਜਲ ਸੰਭਾਲ ਵਿਸ਼ੇ ’ਤੇ ਮਾਡਲ ਵੀ ਤਿਆਰ ਕਰਨਗੇ। ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਮੁਹਿੰਮ ਸਿਰਫ਼ ਸਕੂਲਾਂ ਤੱਕ ਸੀਮਿਤ ਨਹੀਂ ਰਹੇਗੀ। ਅਧਿਆਪਕ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਪਾਣੀ ਦੀ ਬਰਬਾਦੀ ਰੋਕਣ ਲਈ ਪ੍ਰੇਰਿਤ ਕਰਨਗੇ। ਵਿਦਿਆਰਥੀ ਕੰਧਾਂ ’ਤੇ ਸਲੋਗਨ ਅਤੇ ਪੋਸਟਰ ਲਗਾ ਕੇ ਲੋਕਾਂ ਨੂੰ ਪਾਣੀ ਦੀ ਹਰ ਬੂੰਦ ਦੀ ਕੀਮਤ ਸਮਝਾਉਣਗੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਹੱਥ ਧੋਣ ਵਾਲੀਆਂ ਇਕਾਈਆਂ ਤੋਂ ਨਿਕਲਦੇ ਗੰਦੇ ਪਾਣੀ ਨੂੰ ਬਗੀਚਿਆਂ ਵਿੱਚ ਵਰਤਣ ਦੀਆਂ ਤਕਨੀਕਾਂ ਵੀ ਸਿਖਾਈਆਂ ਜਾਣਗੀਆਂ। ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਡੀਐਸਐਮ ਅਤੇ ਏਸੀ ਨੂੰ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁਹਿੰਮ ਦੌਰਾਨ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਦੀ ਰੋਜ਼ਾਨਾ ਰਿਪੋਰਟ ਵਿਸ਼ੇਸ਼ ਗੂਗਲ ਟਰੈਕਰ ’ਤੇ ਅਪਲੋਡ ਕਰਨੀ ਲਾਜ਼ਮੀ ਹੋਵੇਗੀ। ਮੁਹਿੰਮ ਦੇ ਅੰਤ ’ਤੇ ਚੁਣੀਆਂ ਗਈਆਂ ਸਰਵੋਤਮ ਗਤੀਵਿਧੀਆਂ ਨੂੰ ਰਾਜ ਪੱਧਰ ਦੀ ਵੈੱਬਸਾਈਟ ’ਤੇ ਦਰਸਾਇਆ ਜਾਵੇਗਾ।