ਖੁਰਾਕ ਸੁਰੱਖਿਆ ਪੰਦਰਵਾੜਾ ਤਹਿਤ ਜਾਗਰੂਕਤਾ ਵੈਨ ਰਵਾਨਾ
ਖੁਰਾਕ ਸੁਰੱਖਿਆ ਪੰਦਰਵਾੜਾ ਤਹਿਤ ਜਾਗਰੂਕਤਾ ਵੈਨ ਰਵਾਨਾ
Publish Date: Fri, 10 Apr 2026 07:29 PM (IST)
Updated Date: Sat, 11 Apr 2026 04:12 AM (IST)

ਟੈਸਟਿੰਗ ਯੰਤਰਾਂ ਨਾਲ ਲੈਸ ਵੈਨ ਖਾਧ ਪਦਾਰਥਾਂ ਦੀ ਮੌਕੇ ’ਤੇ ਹੀ ਕਰੇਗੀ ਜਾਂਚ : ਜਿੰਪਾ ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਮਨਾਏ ਜਾ ਰਹੇ “ਖੁਰਾਕ ਸੁਰੱਖਿਆ ਜਾਗਰੂਕਤਾ ਪੰਦਰਵਾੜਾ” (9 ਅਪ੍ਰੈਲ ਤੋਂ 24 ਅਪ੍ਰੈਲ 2026) ਦੇ ਤਹਿਤ ਕੱਲ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਸਿਹਤਮੰਦ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਸ਼ੁੱਧ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਉਣ ਅਤੇ ਮਿਲਾਵਟਖੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਉਦੇਸ਼ ਨਾਲ ਫੂਡ ਸੇਫਟੀ ਪੰਦਰਵਾੜਾ ਮੁਹਿੰਮ ਚਲਾਈ ਜਾ ਰਹੀ ਹੈ। ਆਧੁਨਿਕ ਟੈਸਟਿੰਗ ਯੰਤਰਾਂ ਨਾਲ ਲੈਸ ਇਹ ਵੈਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅਤੇ ਇਲਾਕਿਆਂ ਵਿੱਚ ਜਾ ਕੇ ਖਾਧ ਪਦਾਰਥਾਂ ਦੀ ਮੌਕੇ ’ਤੇ ਹੀ ਜਾਂਚ ਕਰਕੇ ਤੁਰੰਤ ਰਿਪੋਰਟ ਪ੍ਰਦਾਨ ਕਰੇਗੀ ਅਤੇ ਲੋਕਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸ਼ੁੱਧਤਾ ਪ੍ਰਤੀ ਜਾਗਰੂਕ ਵੀ ਕਰੇਗੀ। ਇਹ ਵੈਨ ਇਕ ਚਲਦੀ-ਫਿਰਦੀ ਲੈਬਾਰਟਰੀ ਵਾਂਗ ਕੰਮ ਕਰੇਗੀ, ਜੋ ਦੁੱਧ, ਘਿਓ, ਪਨੀਰ, ਖਾਣ ਵਾਲੇ ਤੇਲ ਅਤੇ ਮਸਾਲਿਆਂ ਦੀ ਸ਼ੁੱਧਤਾ ਦੀ ਜਾਂਚ ਮੌਕੇ ’ਤੇ ਹੀ ਕਰ ਸਕਦੀ ਹੈ। ਇਸ ਵੈਨ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਘਰ ਬੈਠੇ ਹੀ ਮਿਲਾਵਟੀ ਸਾਮਾਨ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ। ਇਸ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਖਾਧ ਪਦਾਰਥਾਂ ਨਾਲ ਸਬੰਧਤ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਫੂਡ ਵਿਕਰੇਤਾਵਾਂ ਲਈ ਫੂਡ ਲਾਇਸੈਂਸ/ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਸਾਫ-ਸਫਾਈ ਦੇ ਮਿਆਰਾਂ ਦੀ ਪਾਲਣਾ ਕਰਨੀ ਅਤਿ-ਆਵਸ਼ਕ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ਿਮਾਰ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤ ਸਿੰਘ, ਡਾ. ਨੇਹਾ ਪਾਲ, ਜ਼ਿਲਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਫੂਡ ਸੇਫਟੀ ਅਫ਼ਸਰ ਵਿਵੇਕ ਕੁਮਾਰ, ਫੂਡ ਸੇਫਟੀ ਅਫ਼ਸਰ ਮਨੀਸ਼ ਸੋਢੀ, ਫੂਡ ਸੇਫਟੀ ਅਫ਼ਸਰ ਇਸ਼ਾਨ ਬੰਸਲ, ਸਹਾਇਕ ਰਾਮ ਲੁਭਾਇਆ, ਲੈਬ ਟੈਕਨੀਸ਼ੀਅਨ ਰਾਜਵੀਰ ਕੌਰ, ਪੀ.ਏ. ਟੂ ਸਿਵਲ ਸਰਜਨ ਸਤਪਾਲ ਅਤੇ ਸਹਾਇਕ ਕਮਲਜੀਤ ਵੀ ਹਾਜ਼ਰ ਸਨ।