ਤਲਵਾੜਾ 'ਚ ਕਾਂਗਰਸ ਦੇ ਨਾਂ ’ਤੇ ਖੁੱਲ੍ਹੇ ਨਿੱਜੀ ਦਫ਼ਤਰ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ
ਤਲਵਾੜਾ 'ਚ ਕਾਂਗਰਸ ਦੇ ਨਾਮ ’ਤੇ ਖੁੱਲ੍ਹੇ ਨਿੱਜੀ ਦਫ਼ਤਰ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ
Publish Date: Fri, 10 Apr 2026 06:58 PM (IST)
Updated Date: Sat, 11 Apr 2026 04:12 AM (IST)

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਵਿਧਾਨ ਸਭਾ ਹਲਕੇ ਦੇ ਕਸਬਾ ਤਲਵਾੜਾ ਵਿੱਚ ਕਾਂਗਰਸ ਪਾਰਟੀ ਦੇ ਨਾਮ ’ਤੇ ਖੋਲ੍ਹੇ ਗਏ ਇੱਕ ਨਿੱਜੀ ਦਫ਼ਤਰ ਨੂੰ ਲੈ ਕੇ ਪਾਰਟੀ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਪਾਰਟੀ ਵਲੋਂ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਹੈ ਕਿ ਇਸ ਦਫ਼ਤਰ ਦਾ ਕਾਂਗਰਸ ਪਾਰਟੀ ਜਾਂ ਸੰਗਠਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।ਇਸ ਦਫ਼ਤਰ ਨੂੰ ਖੋਲ੍ਹਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਵਲੋਂ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਇਹ ਭਾਵੇਂ ਕਿਸੇ ਵਿਅਕਤੀ ਦਾ ਨਿੱਜੀ ਦਫ਼ਤਰ ਹੋ ਸਕਦਾ ਹੈ, ਪਰ ਇਸਦਾ ਪਾਰਟੀ ਸੰਗਠਨ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਮਾਮਲਾ ਪਾਰਟੀ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਹ ਸਪਸ਼ਟ ਕੀਤਾ ਗਿਆ ਕਿ ਸੰਬੰਧਿਤ ਵਿਅਕਤੀ ਸਨੀ ਮਹਿਤਾ ਨਾ ਤਾਂ ਪੀਪੀਸੀਸੀ ਅਤੇ ਨਾ ਹੀ ਜ਼ਿਲ੍ਹਾ ਕਾਂਗਰਸ ਕਮੇਟੀ (ਡੀਸੀਸੀ) ਦਾ ਮੈਂਬਰ ਹੈ। ਪਾਰਟੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਸਨੀ ਮਹਿਤਾ ਕੋਲ ਪ੍ਰਾਇਮਰੀ ਮੈਂਬਰਸ਼ਿਪ ਵੀ ਮੌਜੂਦ ਨਹੀਂ ਹੈ। ਪਾਰਟੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਸ਼ਾਮਚੌਰਾਸੀ ਵਿਧਾਨ ਸਭਾ ਹਲਕੇ ਵਿੱਚ ਸਾਹਮਣੇ ਆ ਚੁੱਕਾ ਹੈ, ਜਿਸ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਇੱਕ ਮੀਟਿੰਗ ਦੌਰਾਨ ਇਕ ਆਗੂ ਵੱਲੋਂ ਕਾਂਗਰਸ ਟਿਕਟ ਮਿਲਣ ਦਾ ਦਾਅਵਾ ਕੀਤਾ ਗਿਆ ਸੀ, ਜਿਸਨੂੰ ਪਾਰਟੀ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਪਾਰਟੀ ਹਾਈ ਕਮਾਂਡ ਵੱਲੋਂ ਇਸ ਸਬੰਧੀ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਗਲਤ ਦਾਅਵੇ ਅਤੇ ਅਨੁਸ਼ਾਸਨਹੀਨਤਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।