ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 7 ਕਾਬੂ
ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਕਾਰਵਾਈ: ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ 7 ਕਾਬੂ
Publish Date: Fri, 10 Apr 2026 06:56 PM (IST)
Updated Date: Sat, 11 Apr 2026 04:12 AM (IST)

ਹੁਸ਼ਿਆਰਪੁਰ ਪੁਲਿਸ ਦੀ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਚਲਾਈ ਗਈ ਕਾਰਵਾਈ ਦੌਰਾਨ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 7 ਵਿਅਕਤੀਆਂ ਨੂੰ ਕਾਬੂ ਕਰਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ। ਬਾਕਸ-- ਮਾਹਿਲਪੁਰ ਇਲਾਕੇ ‘ਚ ਦੋ ਵਿਅਕਤੀ ਹੈਰੋਇਨ ਸਮੇਤ ਕਾਬੂ ਮਾਹਿਲਪੁਰ ਪੁਲਿਸ ਨੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਰਸ਼ਪਾਲ ਸਿੰਘ ਸਮੇਤ ਟੀਮ ਚੈਕਿੰਗ ਕਰ ਰਹੀ ਸੀ ਜਦੋਂ ਟੂਟੋ ਮਜਾਰਾ ਨੇੜੇ ਇਕ ਬੰਦ ਪੈਟਰੋਲ ਪੰਪ ਕੋਲ ਦੋ ਵਿਅਕਤੀ ਮੋਟਰਸਾਈਕਲ ‘ਤੇ ਸ਼ੱਕੀ ਹਾਲਤ ਵਿੱਚ ਖੜੇ ਮਿਲੇ। ਪੁਲਿਸ ਮੁਤਾਬਕ ਦੋਨੋਂ ਵਿਅਕਤੀ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਛੱਡ ਭੱਜਣ ਲੱਗੇ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕਰੀਬ 30 ਗ੍ਰਾਮ ਹੈਰੋਇਨ ਕਥਿਤ ਤੌਰ ’ਤੇ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਤਪਾਲ ਸਿੰਘ ਉਰਫ ਸੋਨਾ ਵਾਸੀ ਭੱਜਲਾ ਅਤੇ ਵਿਸ਼ਾਲ ਸੇਠੀ ਵਾਸੀ ਮੇਘੋਵਾਲ ਵਜੋਂ ਹੋਈ ਹੈ। ਬਾਕਸ-- ਮੁਕੇਰੀਆਂ ’ਚ ਕਾਰ ਸਵਾਰ ਦੋ ਨੌਜਵਾਨ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਮੁਕੇਰੀਆਂ ਪੁਲਿਸ ਨੇ ਜੀ.ਟੀ. ਰੋਡ ‘ਤੇ ਗਸ਼ਤ ਦੌਰਾਨ ਪੁਵਾਰਾ ਨੇੜੇ ਇਕ ਸ਼ੱਕੀ ਕਾਰ ਨੂੰ ਰੋਕਿਆ। ਪੁਲਿਸ ਦੇ ਅਨੁਸਾਰ ਕਾਰ ਵਿਚ ਸਵਾਰ ਦੋਨੋਂ ਵਿਅਕਤੀ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਕਾਬੂ ਕਰ ਲਏ ਗਏ। ਉਨ੍ਹਾਂ ਦੀ ਪਛਾਣ ਗੁਰਮੁਖ ਸਿੰਘ ਵਾਸੀ ਪੱਸੀ ਵੇਟ ਅਤੇ ਅਸ਼ੋਕ ਕੁਮਾਰ ਉਰਫ ਕੱਲੂ ਵਾਸੀ ਤਲਵਾੜਾ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਗੁਰਮੁਖ ਸਿੰਘ ਕੋਲੋਂ 110 ਅਤੇ ਅਸ਼ੋਕ ਕੁਮਾਰ ਕੋਲੋਂ 90 ਨਸ਼ੀਲੀਆਂ ਗੋਲੀਆਂ ਕਥਿਤ ਤੌਰ ’ਤੇ ਬਰਾਮਦ ਹੋਈਆਂ। ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬਾਕਸ-- ਚੱਬੇਵਾਲ ‘ਚ ਨਸ਼ੀਲੀਆਂ ਗੋਲੀਆਂ ਮਾਮਲੇ ’ਚ 2 ਨਾਮਜ਼ਦ ਚੱਬੇਵਾਲ ਪੁਲਿਸ ਨੇ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਗਸ਼ਤ ਦੌਰਾਨ ਸ਼ਿਵ ਮੰਦਰ ਨੇੜੇ ਇਕ ਨੌਜਵਾਨ ਪੁਲਿਸ ਨੂੰ ਦੇਖ ਕੇ ਖੇਤਾਂ ਵੱਲ ਭੱਜਣ ਲੱਗਾ ਜਿਸਨੂੰ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਉਸ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਵਾਸੀ ਚੱਬੇਵਾਲ ਵਜੋਂ ਹੋਈ ਹੈ, ਜਿਸ ਕੋਲੋਂ ਕਥਿਤ ਤੌਰ ’ਤੇ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਹ ਗੋਲੀਆਂ ਰਵਿੰਦਰ ਸਿੰਘ ਉਰਫ ਰਾਜਾ ਵਾਸੀ ਚੱਬੇਵਾਲ ਪਾਸੋਂ ਕਥਿਤ ਤੌਰ ’ਤੇ ਖਰੀਦੀਆਂ ਗਈਆਂ ਸਨ। ਪੁਲਿਸ ਵਲੋਂ ਰਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਬਾਕਸ-- ਹਰਿਆਣਾ ਥਾਣਾ ਇਲਾਕੇ ’ਚ ਇਕ ਵਿਅਕਤੀ ਨਸ਼ਾ ਸੇਵਨ ਕਰਦਾ ਕਾਬੂ ਹਰਿਆਣਾ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਸੇਵਨ ਕਰਦੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਕਿਹਾ ਕਿ ਮੁਖਬਰ ਦੀ ਸੂਚਨਾ ‘ਤੇ ਦਸ਼ਹਿਰਾ ਗਰਾਊਂਡ ਨੇੜੇ ਕੱਚੇ ਰਸਤੇ ‘ਤੇ ਛਾਪਾ ਮਾਰਿਆ ਗਿਆ। ਪੁਲਿਸ ਦੇ ਅਨੁਸਾਰ ਮੌਕੇ ‘ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸਦੀ ਪਛਾਣ ਰਾਜਦੀਪ ਸਿੰਘ ਉਰਫ ਹਨੀ ਵਾਸੀ ਹਰਿਆਣਾ ਵਜੋਂ ਹੋਈ ਹੈ। ਉਸ ਕੋਲੋਂ ਕਥਿਤ ਤੌਰ ’ਤੇ ਲਾਈਟਰ, ਸਿਲਵਰ ਪੇਪਰ ਅਤੇ ਨੋਟ ਰੋਲ ਕੀਤਾ ਹੋਇਆ ਬਰਾਮਦ ਹੋਇਆ। ਪੁਲਿਸ ਮੁਤਾਬਕ ਮਾਮਲਿਆਂ ਦੀ ਜਾਂਚ ਜਾਰੀ ਹੈ, ਨਸ਼ੇ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।