ਮਾਈਨਿੰਗ ਮਾਫ਼ੀਆ ਖਿਲਾਫ਼ ਕਾਂਗਰਸ ਵੱਲੋਂ ‘ਹੱਲਾ ਬੋਲ’ ਮਾਰਚ
ਮਾਈਨਿੰਗ ਮਾਫ਼ੀਆ ਖਿਲਾਫ਼ ਕਾਂਗਰਸ ਵੱਲੋਂ ‘ਹੱਲਾ ਬੋਲ’ ਮਾਰਚ
Publish Date: Fri, 10 Apr 2026 06:47 PM (IST)
Updated Date: Sat, 11 Apr 2026 04:09 AM (IST)

ਕੁਦਰਤੀ ਸਰੋਤਾਂ ਅਤੇ ਸਾਧਨਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਸਾਬੀ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਹਲਕਾ ਮੁਕੇਰੀਆਂ ਅੰਦਰ ਚੱਲ ਰਹੀ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕੱਲ ਹਲਕਾ ਵਾਸੀਆਂ ਵੱਲੋਂ ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਹਾਜੀਪੁਰ ਟੀ-ਪੁਆਇੰਟ ’ਤੇ ਵੱਡੀ ਇਕੱਤਰਤਾ ਕੀਤਾ ਗਿਆ ਜਿਸ ਉਪਰੰਤ ਇੱਥੋਂ ਕਾਂਗਰਸੀ ਵਰਕਰਾਂ ਤੇ ਹਲਕਾ ਵਾਸੀਆਂ ਵੱਲੋਂ ਹਰਸਾ ਮਾਨਸਰ ਮਾਰਗ ਤੱਕ ਪੈਦਲ ਮਾਰਚ ਕਰਦੇ ਹੋਏ ਮਾਈਨਿੰਗ ਮਾਫ਼ੀਆ ਅਤੇ ਸੂਬਾ ਸਰਕਾਰ ਸਮੇਤ ਪ੍ਰਸ਼ਾਸ਼ਨ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸੀ ਵਰਕਰਾਂ ਅਤੇ ਹਲਕਾ ਵਾਸੀਆਂ ਵੱਲੋਂ ਕੀਤੇ ਗਏ ਇਸ ਵੱਡੇ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ, ਮਾਈਨਿੰਗ ਅਤੇ ਮਾਲ ਵਿਭਾਗ ਦੇ ਅਧਿਕਾਰੀ ਪੁੱਜੇ ਹੋਏ ਸਨ ਜਿਨ੍ਹਾਂ ਨੂੰ ਰੋਸ ਪ੍ਰਦਰਸ਼ਨ ਦੌਰਾਨ ਹਲਕਾ ਵਾਸੀਆਂ ਵੱਲੋਂ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਸੌਂਪਦੇ ਹੋਏ ਹਲਕੇ ਦੀ ਕੁਦਰਤੀ ਸਰੋਤਾਂ ਦੀ ਲੁੱਟ ’ਤੇ ਰੋਕ ਲਗਾਉਣ ਅਤੇ ਇਸ ਲਈ ਜ਼ਿੰਮੇਵਾਰ ਮਾਈਨਿੰਗ ਮਾਫ਼ੀਆ ਅਤੇ ਉਨ੍ਹਾਂ ਨਾਲ ਮਿਲੇ ਹੋਏ ਪ੍ਰਸ਼ਾਸ਼ਨਿਕ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸਰਬਜੋਤ ਸਿੰਘ ਸਾਬੀ ਨੇ ਐਲਾਨ ਕੀਤਾ ਕਿ ਹੁਣ ਹਲਕੇ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਤੁਰੰਤ ਨਜਾਇਜ਼ ਮਾਈਨਿੰਗ ’ਤੇ ਸਰਕਾਰ-ਪ੍ਰਸ਼ਾਸ਼ਨ ਨੇ ਰੋਕ ਨਾ ਲਗਾਈ ਤਾਂ ਆਉਂਦੇ ਦਿਨਾਂ ਦੌਰਾਨ ਵੱਡਾ ਅੰਦੋਲਨ ਕੀਤਾ ਜਾਵੇਗਾ। ਇਲਾਕੇ ਵਿੱਚ ਨਾਜਾਇਜ਼ ਮਾਈਨਿੰਗ ਬੇਖ਼ੌਫ਼ ਅਤੇ ਬੇਰੋਕ-ਟੋਕ ਤਰੀਕੇ ਨਾਲ ਚੱਲ ਰਹੀ ਹੈ, ਇਹ ਸਿਰਫ਼ ਕਾਨੂੰਨ ਦੀ ਉਲੰਘਣਾ ਹੀ ਨਹੀਂ, ਸਗੋਂ ਕੁਦਰਤ, ਲੋਕਾਂ ਦੀ ਰੋਜ਼ੀ-ਰੋਟੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਕਾਂ ਨਾਲ ਸਿੱਧਾ ਖਿਲਵਾੜ ਹੈ। ਨਾਜਾਇਜ਼ ਮਾਈਨਿੰਗ ਕਾਰਨ ਦਰਿਆਵਾਂ ਅਤੇ ਖੱਡਾਂ ਦੀ ਕੁਦਰਤੀ ਬਣਤਰ ਤਬਾਹ ਹੋ ਰਹੀ ਹੈ, ਕਿਸਾਨਾਂ ਦੀ ਜ਼ਮੀਨ ਬਰਬਾਦ ਹੋ ਰਹੀ ਹੈ, ਪਿੰਡਾਂ ਦੀਆਂ ਸੜਕਾਂ ਅਤੇ ਪੁੱਲ ਖ਼ਤਰੇ ਵਿੱਚ ਹਨ, ਵਾਤਾਵਰਣ ਖ਼ਰਾਬ ਹੋ ਰਿਹਾ ਹੈ ਪਰ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਨਹੀਂ ਹੋ ਰਹੀ। ਮੁਕੇਰੀਆਂ ਹਲਕੇ ਅੰਦਰ ਪਿਛਲੇ ਸਾਲਾਂ ਦੌਰਾਨ ਹੋਈ ਨਾਜਾਇਜ਼ ਮਾਈਨਿੰਗ ਪ੍ਰਤੀ ਪੰਜਾਬ ਸਰਕਾਰ ਨੂੰ ਉੱਚ-ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਹੁਣ ਇਸ ਮਾਈਨਿੰਗ ਉੱਪਰ ਰੋਕ ਲਗਾ ਕੇ ਹਲਕਾ ਵਾਸੀਆਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਭਵਿੱਖ ਵਿੱਚ ਇਸ ਤਰ੍ਹਾਂ ਕੁਦਰਤੀ ਸਰੋਤਾਂ ਤੇ ਸਾਧਨਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸਦੇ ਨਾਲ ਹੀ ਮੁਕੇਰੀਆਂ ਅਤੇ ਗੁਰਦਾਸਪੁਰ ਦੀ ਹੱਦ ਦਰਮਿਆਨ ਵਗਦੇ ਬਿਆਸ ਦਰਿਆ ਦੀ ਸਫ਼ਾਈ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਨੇ ਮੁਕੇਰੀਆਂ ਹਲਕੇ ਦੇ ਵੀ ਅਨੇਕਾਂ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਸੀ, ਜਿਸਦਾ ਮੁੱਖ ਕਾਰਨ ਦਰਿਆ ਵਿੱਚ ਸਿਲਟ ਦੀ ਸਫ਼ਾਈ ਨਾ ਹੋਣ ਕਾਰਨ ਦਰਿਆ ਦਾ ਉੱਚੇ ਪੱਧਰ ’ਤੇ ਵਗਣਾ ਹੈ। ਇਸ ਸੰਬੰਧੀ ਅਸੀਂ ਕਈ ਵਾਰ ਦਰਿਆ ਦੀ ਸਫ਼ਾਈ (ਡੀ-ਸਿਲਟਿੰਗ) ਦੀ ਮੰਗ ਉਠਾਈ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸਾਬੀ ਨੇ ਪੁਰਜ਼ੋਰ ਮੰਗ ਕੀਤੀ ਕਿ ਬਰਸਾਤ ਆਉਣ ਤੋਂ ਪਹਿਲਾਂ ਇਸ ਪਾਸੇ ਧਿਆਨ ਦਿੱਤਾ ਜਾਵੇ। ਰੋਸ ਪ੍ਰਦਰਸ਼ਨ ਦੌਰਾਨ ਬੇਅੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਨਿਲ ਠਾਕੁਰ ਸਰਪੰਚ ਮਾਨਸਰ, ਕੁਲਭੂਸ਼ਣ ਸੋਹਲ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਦੇਵ ਸਿੰਘ ਕੌਲਪੁਰ, ਤਜਿੰਦਰਪਾਲ ਸਿੰਘ ਸਰਪੰਚ, ਲੱਖੀ ਰੰਧਾਵਾ, ਬਲਵੀਰ ਸਿੰਘ ਟੀਟਾ ਸਾਬਕਾ ਸਰਪੰਚ, ਰਵਿੰਦਰ ਸਿੰਘ ਪ੍ਰਿੰਸ, ਹਰਦੀਪ ਸਿੰਘ ਸਾਬੀ, ਰਸ਼ਪਾਲ ਸਿੰਘ ਰੰਗਾ, ਰਾਜੂ ਸਰਪੰਚ ਕੌਲਪੁਰ ਕਲਾਂ, ਸ਼ੁਭਮ ਸੋਹਲ, ਠਾਕੁਰ ਨਿਰਦੇਵ ਕਰਾਰੀ, ਅਸ਼ੋਕ ਕੁਮਾਰ ਸਰਪੰਚ ਸਰਿਆਣਾ, ਪ੍ਰੇਮ ਚੰਦ ਸਰਪੰਚ ਸੈਦੋ ਨੌਸ਼ਹਿਰਾ, ਸੁੱਖ ਤੱਗੜ ਕਲਾਂ, ਹਰਦਿਆਲ ਸਿੰਘ ਸੰਧਵਾਲ, ਸ਼ੌਕੀਨ ਸਿੰਘ ਸਰਪੰਚ ਭਲੋਵਾਲ, ਕਿਸ਼ਨਪਾਲ ਬਿੱਟੂ ਸਨਿਆਲ, ਗਗਨਦੀਪ ਸਿੰਘ ਗੱਗੂ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜ਼ੂਦ ਰਹੇ।