ਸ੍ਰੀ ਚਰਨਛੋਹ ਗੰਗਾ ਕਮੇਟੀ ਦਾ ਵਫ਼ਦ ਚੇਅਮੈਨ ਗੜ੍ਹੀ ਨੂੰ ਮਿਲਿਆ
ਸ੍ਰੀ ਚਰਨਛੋਹ ਗੰਗਾ ਕਮੇਟੀ ਦਾ ਵਫ਼ਦ 4 ਦਿਨਾਂ ਸਮਾਗਮਾਂ ਦੇ ਮੱਦੇਨਜ਼ਰ ਐੱਸ ਸੀ ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੂੰ ਮਿਲਿਆ
Publish Date: Fri, 10 Apr 2026 05:44 PM (IST)
Updated Date: Sat, 11 Apr 2026 04:06 AM (IST)

ਜਸਵੀਰ ਸਿੰਘ ਗੜ੍ਹੀ ਅੰਮਿ੍ਤਧਾਰਾ ਪ੍ਰਗਟ ਦਿਵਸ ਮੌਕੇ 13 ਅਪ੍ਰੈਲ ਨੂੰ ਲਾਉਣਗੇ ਹਾਜ਼ਰੀ ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਬੀਣੇਵਾਲ ਬੀਤ: ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਵਫ਼ਦ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਅਗਵਾਈ ਹੇਠ ਐੱਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਮਿਲਿਆ•। ਮੁਲਾਕਾਤ ਉਪਰੰਤ ਜਸਵੀਰ ਸਿੰਘ ਗੜ੍ਹੀ ਨੂੰ ਚਰਨਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋ ਰਹੇ 11 ਤੋਂ 14 ਅਪ੍ਰੈਲ ਤੱਕ ਸਮਾਗਮਾਂ ਸਬੰਧੀ ਹਾਜ਼ਰ ਹੋਣ ਲਈ ਸੱਦਾ ਪੱਤਰ ਸੌਂਪਿਆ ਗਿਆ ਜਿਸ ਤੇ ਉਨ੍ਹਾਂ ਆਪਣੇ ਸੂਬੇ ਭਰ ਚ ਲੋਕਾਂ ਨੂੰ ਇਨਸਾਫ਼ ਦੇਣ ਦੇ ਮੱਦੇਨਜ਼ਰ ਆਖਿਆ ਕਿ ਉਹ 13 ਅਪ੍ਰੈਲ ਨੂੰ ਹੀ ਇੱਕ ਦਿਨ ਪੂਰਾ ਸਮਾਂ ਗੁਰੂ ਘਰ ਨੂੰ ਦੇਣਗੇ ਜਿੱਥੇ ਸਮਾਜ ਦੀ ਤਕਦੀਰ ਬਦਲਣ ਦੇ ਫੈਸਲੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਨੇਪਰੇ ਚੜ੍ਹਦੇ ਹਨ। ਉਸ ਪਵਿੱਤਰ ਸਥਾਨ ’ਤੇ ਉਹ ਨਤਮਸਤਕ ਹੋਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ, ਜਿੱਥੇ ਗੁਰੂ ਘਰ ਚ ਉਨ੍ਹਾਂ ਤੇ ਗੁਰੂ ਮਹਾਰਾਜ ਜੀ ਦੀ ਪੂਰੀ ਅਪਾਰ ਕਿਰਪਾ ਹੋਈ ਹੈ | ਜੇਕਰ ਉਹ ਪੰਜਾਬ ਚ ਆਪਣੇ ਸਮਾਜ ਨੂੰ ਇਨਸਾਫ਼ ਦੇਣ ਲਈ ਉੱਚ ਅਹੁਦੇ ’ਤੇ ਤਾਇਨਾਤ ਹਨ ਇਹ ਸਿਰਫ਼ ਗੁਰੂ ਜੀ ਦੀ ਕਿਰਪਾ ਨਾਲ ਹੀ ਸੰਭਵ ਹੋਇਆ ਹੈ। ਗੁਰੂ ਘਰ ਚ ਹੋ ਰਹੇ 4 ਦਿਨਾਂ ਸਮਾਗਮਾਂ ਨੂੰ ਲੈ ਕੇ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਗੁਰਧਾਮਾ ਦੀ ਸੁਰੱਖਿਆ ਦੇ ਮਾਮਲੇ ’ਚ ਐੱਸਸੀ ਕਮਿਸ਼ਨ ਪੰਜਾਬ ਪਹਿਲੇ ਹੀ ਗੰਭੀਰ ਹੈ ਜਿਸ ਕਰਕੇ ਹੁਸ਼ਿਆਰਪੁਰ ਅਤੇ ਨਾਲ ਲੱਗਦੇ ਜ਼ਿਲ੍ਹਾ ਰੋਪੜ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿਉਂ ਕਿ ਨਿਯਮਾ ਮੁਤਾਬਕ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਉਨ੍ਹਾਂ ਦੇ ਸਾਥੀ ਉਕਤ ਅਧਿਕਾਰੀਆਂ ਨੂੰ ਮਿਲਕੇ ਕਰੀਬ 20 ਦਿਨ ਪਹਿਲਾਂ ਹੀ ਹਾਲਾਤਾਂ ਤੋਂ ਜਾਣੂ ਕਰਵਾ ਚੁੱਕੇ ਹਨ। ਇਸ ਸਥਾਨ ਤੇ ਉਪਰੋਕਤ ਸਮਾਗਮਾਂ ਦੌਰਾਨ ਸੰਗਤਾਂ ਲੱਖਾਂ ਦੀ ਤਾਦਾਤ ਚ ਨਤਮਸਤਕ ਹੋਕੇ ਆਪਣੇ ਰਹਿਬਰਾਂ ਦੇ ਮਿਸ਼ਨ ਦੇ ਕਾਫ਼ਲੇ ਨੂੰ ਅੱਗੇ ਤੋਰਨ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ ਜਿਸ ਕਰਕੇ ਉਹ ਖ਼ੁਦ ਵੀ ਗੁਰੂ ਸਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਤੇ ਨਤਮਸਤਕ ਹੋਕੇ ਆਪਣੇ ਰਹਿਬਰਾਂ ਨੂੰ ਸਿੱਜਦਾ ਕਰਨਗੇ। ਇਸ ਮੌਕੇ ਸੁਰਿੰਦਰ ਦਾਸ ਨੇ ਆਖਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ: ਐੱਸ 4698 ਦੇ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਅਤੇ ਕੇਂਦਰੀ ਪ੍ਰਧਾਨ ਐਲ ਆਰ ਵਿਰਦੀ ਦੀ ਅਗਵਾਈ ਚ ਕਰਵਾਏ ਜਾ ਰਹੇ ਇਨਾਂ ਸਮਾਗਮਾਂ ਲਈ ਕਮੇਟੀ ਵਲੋਂ ਪੁੱਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਗੁਰਲਾਲ ਸੈਲਾ, ਕਮੇਟੀ ਮੈਂਬਰ ਜਗਦੀਸ਼ ਕੁਮਾਰ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਸੀ੍ਰ ਕੀਮਤੀ ਲਾਲ, ਜਗਦੀਸ਼ ਕੌਰ ਪਤਨੀ ਪ੍ਰੋਫੈਸਰ ਲਾਲ ਸਿੰਘ, ਗੁਰਪ੍ਰੀਤ ਸਿੰਘ ਵਿੱਕੀ, ਸ਼ਾਦੀ ਰਾਮ, ਗੋਪਾਲ ਸਿੰਘ ਦੋਨੋਂ ਪ੍ਰਵਾਸੀ ਭਾਰਤੀ ਸਮੇਤ ਕੁਝ ਹੋਰ ਆਗੂ ਵੀ ਹਾਜ਼ਰ ਸਨ।